ਦਿੱਲੀ-ਲਾਹੌਰ 'ਸਦਾ-ਏ-ਸਰਹੱਦ' ਬੱਸ ਨੂੰ ਰੋਕਣ ਦੀ ਕੋਸ਼ਿਸ਼, ਨੌਜਵਾਨਾਂ ਨੇ ਕੀਤਾ ਪ੍ਰਦਰਸ਼ਨ (ਵੀਡੀਓ)
Wednesday, Feb 20, 2019 - 03:18 PM (IST)
ਸੋਨੀਪਤ— ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਕਾਫਿਲੇ 'ਤੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਵਿਰੁੱਧ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਇਕ ਸਮਾਜਿਕ ਸੰਗਠਨ ਦੇ ਮੈਂਬਰਾਂ ਨੇ ਦਿੱਲੀ-ਲਾਹੌਰ 'ਸਦਾ-ਏ-ਸਰਹੱਦ' ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਨੌਜਵਾਨਾਂ ਦੇ ਗੁੱਸੇ ਨੂੰ ਦੇਖਦੇ ਹੋਏ ਭਾਰੀ ਗਿਣਤੀ ਵਿਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ। ਪੁਲਸ ਨੇ ਸੂਚਨਾ ਮਿਲਦੇ ਹੀ ਬੱਸ ਨੂੰ ਮੁਰਥਲ ਤੋਂ ਸੋਨੀਪਤ ਵਾਇਆ ਨਰੇਲਾ ਹੋ ਕੇ ਨੈਸ਼ਨਲ ਹਾਈਵੇਅ ਤੋਂ ਦਿੱਲੀ ਲਈ ਰਵਾਨਾ ਕਰਵਾਇਆ।
ਮੁਰਥਲ ਤੋਂ ਡੀ. ਐੱਸ. ਪੀ. ਵਰਿੰਦਰ ਦੀ ਦੇਖ-ਰੇਖ ਵਿਚ ਬੱਸ ਨੂੰ ਸੁਰੱਖਿਆ ਉਪਲੱਬਧ ਕਰਵਾਈ ਗਈ। ਇਸ ਦੌਰਾਨ ਕੁਝ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ। ਨੌਜਵਾਨਾਂ ਨੇ ਕਾਲੇ ਝੰਡੇ ਦਿਖਾ ਕੇ ਪਾਕਿਸਤਾਨ ਵਿਰੁੱਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਨੌਜਵਾਨਾਂ ਨੇ ਸ਼ਹੀਦਾਂ ਦਾ ਬਦਲਾ ਲੈਣ ਦੀ ਮੰਗ ਕੀਤੀ। ਉਨ੍ਹਾਂ ਨੇ ਦਿੱਲੀ-ਲਾਹੌਰ ਸਦਾ-ਏ-ਸਰਹੱਦ ਬੱਸ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ। ਨੌਜਵਾਨਾਂ ਨੇ ਪਾਕਿਸਤਾਨ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ। ਹਾਲਾਂਕਿ ਬੱਸ ਨੂੰ ਸੁਰੱਖਿਅਤ ਲੰਘਣ ਦੀ ਸੂਚਨਾ ਅਤੇ ਲੋਕਾਂ ਦੀ ਬੇਨਤੀ ਕਰਨ ਤੋਂ ਬਾਅਦ ਨੌਜਵਾਨਾਂ ਨੂੰ ਛੱਡ ਦਿੱਤਾ ਗਿਆ।
ਦਰਅਸਲ ਜੀਟੀ ਰੋਡ 'ਤੇ ਕੁਝ ਲੋਕ ਦਿੱਲੀ-ਲਾਹੌਰ ਸਦਾ-ਏ-ਸਰਹੱਦ' ਬੱਸ ਨੂੰ ਰੋਕ ਕੇ ਪਾਕਿਸਤਾਨ ਦੇ ਝੰਡੇ ਉਤਾਰਨ ਦੀ ਯੋਜਨਾ ਬਣਾ ਰਹੇ ਸਨ। ਨੌਜਵਾਨਾਂ ਦੇ ਇਕੱਠੇ ਹੋਏ ਦੀ ਸੂਚਨਾ ਰਾਈ ਥਾਣਾ ਮੁਖੀ ਕੁਲਦੀਪ ਦੇਸ਼ਵਾਲ ਨੇ ਅਧਿਕਾਰੀਆਂ ਨੂੰ ਦਿੱਤੀ। ਉਸ ਤੋਂ ਬਾਅਦ ਪੁਲਸ ਨੇ ਬੱਸ ਨੂੰ ਡੀ. ਐੱਸ. ਪੀ. ਵਰਿੰਦਰ ਦੀ ਅਗਵਾਈ 'ਚ ਮੁਰਥਲ ਤੋਂ ਸੋਨੀਪਤ ਵਿਚ ਦਾਖਲ ਕਰਵਾ ਕੇ ਨਰੇਲਾ ਰੋਡ ਤੋਂ ਦਿੱਲੀ ਲਈ ਰਵਾਨਾ ਕਰਵਾਇਆ।