ਖਜੂਰ ਖਾਣ ਦੇ ਫਾਇਦੇ ਹੀ ਨਹੀਂ ਨੁਕਸਾਨ ਵੀ, ਬੀ. ਪੀ. ਦਾ ਖਤਰਾ!

02/16/2020 7:05:03 PM

ਨਵੀਂ ਦਿੱਲੀ (ਇੰਟ.)-ਡਾਈਟਰੀ ਫਾਈਬਰ, ਕਾਰਬੋਹਾਈਡ੍ਰੇਟਸ, ਪ੍ਰੋਟੀਨ, ਵਿਟਾਮਿਨ ਬੀ-6, ਆਇਰਨ ਵਰਗੀਆਂ ਖੂਬੀਆਂ ਨਾਲ ਭਰਪੂਰ ਖਜੂਰ ਨੂੰ ਉਂਝ ਤਾਂ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ ਪਰ ਖਜੂਰ ਨੂੰ ਜੇਕਰ ਦੁੱਧ ਦੇ ਨਾਲ ਮਿਲਾ ਕੇ ਖਾਧਾ ਜਾਵੇ ਤਾਂ ਇਹ ਪਾਚਨ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਂਦੀ ਹੈ। ਇਹ ਫਾਈਬਰ ਨਾਲ ਭਰਪੂਰ ਹੁੰਦੀ ਹੈ, ਦਿਮਾਗ ਲਈ ਵੀ ਇਸ ਨੂੰ ਵਧੀਆ ਮੰਨਿਆ ਜਾਂਦਾ ਹੈ ਪਰ ਹਰ ਚੀਜ਼ ਨੂੰ ਖਾਣ-ਪੀਣ ਦੀ ਇਕ ਲਿਮਟ ਹੁੰੰਦੀ ਹੈ। ਜੇਕਰ ਤੁਸੀਂ ਇਕ ਦਿਨ ’ਚ 5 ਤੋਂ ਵੱਧ ਖਜੂਰਾਂ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਸਿਹਤ ਨੂੰ ਕਈ ਤਰ੍ਹਾਂ ਦਾ ਨੁਕਸਾਨ ਹੋ ਸਕਦਾ ਹੈ। ਆਯੁਰਵੇਦਾਚਾਰੀਆ ਡਾ. ਏ. ਕੇ. ਮਿਸ਼ਰਾ ਵੀ ਇਹ ਹੀ ਕਹਿੰਦੇ ਹਨ ਕਿ ਜ਼ਿਆਦਾ ਖਜੂਰਾਂ ਖਾਣ ਨਾਲ ਸਿਹਤ ਨੂੰ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ।

ਪੇਟ ਦੀ ਸਮੱਸਿਆ : ਬਾਜ਼ਾਰ ’ਚ ਵਿਕਣ ਵਾਲੀਆਂ ਖਜੂਰਾਂ ਲੰਬੇ ਸਮੇਂ ਤੱਕ ਖਰਾਬ ਨਾ ਹੋਣ, ਇਸ ਲਈ ਉਨ੍ਹਾਂ ’ਚ ਪ੍ਰੀਜ਼ਰਵੇਟਿਵ ਦੇ ਤੌਰ ’ਤੇ ਸਲਫਾਈਟ ਦੀ ਵਰਤੋਂ ਕੀਤੀ ਜਾਂਦੀ ਹੈ। ਸਲਫਾਈਟ ਕੈਮੀਕਲ ਕੰਪਾਊਂਡ ਹੁੰਦਾ ਹੈ, ਜਿਸ ਨਾਲ ਹਾਨੀਕਾਰਕ ਬੈਕਟੀਰੀਆ ਨੂੰ ਦੂਰ ਰੱਖਿਆ ਜਾਂਦਾ ਹੈ ਪਰ ਇਸ ਕਾਰਣ ਕਈ ਲੋਕਾਂ ਨੂੰ ਗੰਭੀਰ ਐਲਰਜੀ ਹੋ ਸਕਦੀ ਹੈ। ਪੇਟ ਦਰਦ, ਗੈਸ, ਪੇਟ ਦਾ ਫੁੱਲਣਾ ਅਤੇ ਡਾਇਰੀਆ ਵਰਗੀਆਂ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਖਜੂਰ ਫਾਈਬਰ ਦਾ ਬਹੁਤ ਵਧੀਆ ਸ੍ਰੋਤ ਹੈ ਅਤੇ ਇਹੀ ਫਾਈਬਰ ਸਰੀਰ ’ਚ ਜੇਕਰ ਜ਼ਿਆਦਾ ਮਾਤਰਾ ’ਚ ਪਹੁੰਚ ਜਾਵੇ ਤਾਂ ਕਈ ਵਾਰ ਨੁਕਸਾਨ ਵੀ ਪਹੁੰਚਾ ਸਕਦੀ ਹੈ।

ਹਾਈਪਰਕਲੇਮੀਆ ਦਾ ਕਾਰਣ : ਖਜੂਰ ’ਚ ਪੋਟਾਸ਼ੀਅਮ ਦੀ ਮਾਤਰਾ ਵੱਧ ਹੁੰਦੀ ਹੈ। ਇਸ ਨੂੰ ਜ਼ਿਆਦਾ ਖਾਣ ਨਾਲ ਸਰੀਰ ’ਚ ਪੋਟਾਸ਼ੀਅਮ ਦਾ ਪੱਧਰ ਵਧ ਜਾਂਦਾ ਹੈ। ਇਸ ਸਥਿਤੀ ਨੂੰ ਹਾਈਪਰਕਲੇਮੀਆ ਕਿਹਾ ਜਾਂਦਾ ਹੈ। ਇਸ ਨਾਲ ਉਲਟੀ ਆਉਣਾ, ਬੇਹੋਸ਼ੀ, ਮਾਸਪੇਸ਼ੀਆਂ ’ਚ ਕਮਜ਼ੋਰੀ ਅਤੇ ਜਕੜਨ ਦੀ ਸਮੱਸਿਆ ਹੋ ਜਾਂਦੀ ਹੈ।

ਵਜ਼ਨ ਵਧਣਾ : ਖਜੂਰ ’ਚ ਕੈਲਰੀ ਦੀ ਮਾਤਰਾ ਵੀ ਵੱਧ ਹੁੰਦੀ ਹੈ। ਇਕ ਗ੍ਰਾਮ ਖਜੂਰ ’ਚ ਤਕਰੀਬਨ 2.8 ਕੈਲਰੀ ਹੁੰਦੀ ਹੈ, ਇਸ ਲਈ ਇਸ ਨੂੰ ਵੱਧ ਖਾਣ ਨਾਲ ਵਜ਼ਨ ਤੇਜ਼ੀ ਨਾਲ ਵਧਦਾ ਹੈ।

ਡਾਇਬਿਟੀਜ਼ ਦੀ ਸਮੱਸਿਆ : ਖਜੂਰ ਮਿੱਠੀ ਹੁੰਦੀ ਹੈ ਅਤੇ ਜੇਕਰ ਇਸ ਨੂੰ ਜ਼ਿਆਦਾ ਮਾਤਰਾ ’ਚ ਖਾਧਾ ਜਾਵੇ ਤਾਂ ਇਸ ਨਾਲ ਨਾ ਸਿਰਫ ਡਾਇਬਿਟੀਜ਼ ਦੀ ਸਮੱਸਿਆ ਹੋ ਸਕਦੀ ਹੈ ਬਲਕਿ ਬਲੱਡ ਪ੍ਰੈਸ਼ਰ ਵੀ ਵਧ ਸਕਦਾ ਹੈ।

ਅਸਥਮਾ ਦਾ ਹੋ ਸਕਦੈ ਖਤਰਾ : ਖਜੂਰ ਐਲਰਜੀ ਦਾ ਕਾਰਣ ਬਣਦੀ ਹੈ ਅਤੇ ਐਲਰਜੀ ਅਸਥਮਾ ਨੂੰ ਸੱਦਾ ਦੇ ਸਕਦੀ ਹੈ। ਇਸ ਲਈ ਅਸਥਮਾ ਦੇ ਮਰੀਜ਼ਾਂ ਨੂੰ ਖਜੂਰ ਖਾਂਦੇ ਸਮੇਂ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਕਿਸੇ ਸਟਰੀਟ ਵੈਂਡਰ ਕੋਲੋਂ ਖਜੂਰਾਂ ਨਾ ਖਰੀਦੋ ਕਿਉਂਕਿ ਇਹ ਜ਼ਿਆਦਾ ਨੁਕਸਾਨਦਾਇਕ ਹੁੰਦੀਆਂ ਹਨ ਅਤੇ ਐਲਰਜੀ ਦੀ ਸਮੱਸਿਆ ਖੜ੍ਹੀ ਕਰ ਸਕਦੀਆਂ ਹਨ।

ਬੱਚਿਆਂ ਲਈ ਨੁਕਸਾਨਦਾਇਕ : ਖਜੂਰ ਮੋਟੇ ਡ੍ਰਾਈ ਫਰੂਟਸ ’ਚੋਂ ਇਕ ਹੈ, ਜਿਸ ਨੂੰ ਪਚਾਉਣ ਲਈ ਠੀਕ ਤਰ੍ਹਾਂ ਚਬਾਉਣ ਦੀ ਲੋੜ ਹੁੰਦੀ ਹੈ। ਬੱਚਿਆਂ ਦੀ ਅੰਤੜੀ ਵਿਕਾਸਸ਼ੀਲ ਅਵਸਥਾ ’ਚ ਹੁੰਦੀ ਹੈ, ਜਿਸ ਕਾਰਣ ਖਜੂਰ ਨੂੰ ਪਚਾਉਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।


Karan Kumar

Content Editor

Related News