ਕੇਂਦਰ ਨੇ ਸੰਕਟ ਦੇ ਸਮੇਂ ਪੰਜਾਬ ਦਾ ਸਾਥ ਨਹੀਂ ਦਿੱਤਾ: ਖੁੱਡੀਆਂ
Monday, Nov 10, 2025 - 12:03 PM (IST)
ਜਲੰਧਰ/ਚੰਡੀਗੜ੍ਹ (ਧਵਨ)- ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਫੰਡ ਦੀ ਰਕਮ ਵੰਡਣ ਮੌਕੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਨੇ ਸੰਕਟ ਦੇ ਸਮੇਂ ਪੰਜਾਬ ਦਾ ਸਾਥ ਨਹੀਂ ਦਿੱਤਾ। ਖੁੱਡੀਆਂ ਨੇ ਪਿੰਡ ਰਤਨ ਟਿੱਬਾ ਵਿਚ ਹੜ੍ਹਾਂ ਅਤੇ ਮੀਂਹ ਤੋਂ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹਾਂ ਦੇ ਵੱਡੇ ਨੁਕਸਾਨ ਦਾ ਲੇਖਾ-ਜੋਖਾ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਸੀ ਪਰ ਉਸ ਨੇ ਪੰਜਾਬ ਨੂੰ ਵਿੱਤੀ ਸਹਾਇਤਾ ਨਹੀਂ ਦਿੱਤੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਸਮੇਂ ਹੜ੍ਹ ਪੀੜਤਾਂ ਨੂੰ ਆਪਣੇ ਕੋਲੋਂ ਮੁਆਵਜ਼ਾ ਦੇ ਰਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਹਰ ਪ੍ਰਭਾਵਿਤ ਪਰਿਵਾਰ ਨੂੰ ਮੁਆਵਜ਼ਾ ਦੇਣ ਲਈ ਵਚਨਬੱਧ ਹਨ। ਹੁਣ ਲੋੜ ਪੰਜਾਬ ਨੂੰ ਮੁੜ ਸੁਰਜੀਤ ਕਰਨ ਦੀ ਹੈ, ਕਿਉਂਕਿ ਇਸ ਨੇ ਨਾ ਸਿਰਫ਼ ਫਸਲਾਂ ਸਗੋਂ ਜਾਨ-ਮਾਲ ਦਾ ਵੀ ਕਾਫ਼ੀ ਨੁਕਸਾਨ ਝੱਲਿਆ ਹੈ।
