ਜਲੰਧਰ ''ਚ ਗੁੰਡਾਗਰਦੀ ਦਾ ਨੰਗਾ ਨਾਚ! ਚੱਲੇ ਤੇਜ਼ਧਾਰ ਹਥਿਆਰ ਤੇ ਕੀਤੀ ਭੰਨਤੋੜ, ਗੋਲ਼ੀਆਂ ਚੱਲਣ ਦੇ ਵੀ ਲੱਗੇ ਦੋਸ਼
Tuesday, Nov 11, 2025 - 01:18 PM (IST)
ਜਲੰਧਰ (ਮਹੇਸ਼)–ਥਾਣਾ ਬਸਤੀ ਬਾਵਾ ਖੇਲ ਦੇ ਇਲਾਕੇ ਵਿਚ ਆਏ ਦਿਨ ਸ਼ਰੇਆਮ ਗੁੰਡਾਗਰਦੀ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਐਤਵਾਰ ਦੇਰ ਰਾਤ ਵੀ ਰਾਜ ਨਗਰ ਬਸਤੀ ਬਾਵਾ ਖੇਲ ਵਿਚ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਨਾਲ 2 ਦਰਜਨ ਤੋਂ ਵੱਧ ਗੁੰਡਿਆਂ ਨੇ ਜੰਮ ਕੇ ਭੰਨਤੋੜ ਕੀਤੀ, ਜਿਸ ਤੋਂ ਬਾਅਦ ਉਥੇ ਸਥਿਤੀ ਦੇਰ ਰਾਤ ਤਕ ਤਣਾਅਪੂਰਨ ਬਣੀ ਰਹੀ।

ਇਸ ਦੌਰਾਨ 2 ਈ-ਰਿਕਸ਼ਾ, ਇਕ ਟਰੱਕ, ਛੋਟਾ ਹਾਥੀ, ਮੋਟਰਸਾਈਕਲ ਅਤੇ ਹੋਰ ਵਾਹਨਾਂ ਦੇ ਇਲਾਵਾ ਘਰਾਂ ਦੇ ਸ਼ੀਸ਼ੇ, ਸੀ. ਸੀ. ਟੀ. ਵੀ. ਕੈਮਰੇ ਅਤੇ ਗੇਟ ਤਕ ਬੁਰੀ ਤਰ੍ਹਾਂ ਤੋੜ ਦਿੱਤੇ ਗਏ। ਪੂਰੀ ਗਲੀ ਵਿਚ ਇੱਟਾਂ ਖਿੱਲਰੀਆਂ ਪਈਆਂ ਹੋਈਆਂ ਸਨ। ਗਲੀ ਵਿਚ ਹੋ ਰਹੀ ਗੁੰਡਾਗਰਦੀ ਨੂੰ ਲੈ ਕੇ ਉਥੇ ਰਹਿੰਦੇ ਲੋਕ ਸਹਿਮ ਗਏ। ਉਨ੍ਹਾਂ ਵੱਲੋਂ ਥਾਣਾ ਬਾਵਾ ਖੇਲ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਡਿਊਟੀ ਅਫਸਰ ਏ. ਐੱਸ. ਆਈ. ਨੀਲਾ ਰਾਮ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਪਰ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਹਮਲਾਵਰ ਉਥੋਂ ਫ਼ਰਾਰ ਹੋ ਗਏ।
ਰਾਜ ਨਗਰ ਵਿਚ ਰਹਿੰਦੇ ਲੋਕਾਂ ਨੇ ਦੱਸਿਆ ਕਿ ਦੇਰ ਰਾਤ ਉਨ੍ਹਾਂ ਦੇ ਘਰਾਂ ਦੇ ਬਾਹਰ ਗੁੰਡਾਗਰਦੀ ਹੋਈ ਹੈ। ਹਮਲਾਵਰਾਂ ਕੋਲ ਕਿਰਪਾਨਾਂ ਅਤੇ ਦਾਤਰ ਦੇ ਇਲਾਵਾ ਕਈ ਹਥਿਆਰ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਗੁੰਡਾ ਅਨਸਰਾਂ ਵੱਲੋਂ 4 ਫਾਇਰ ਵੀ ਕੀਤੇ ਗਏ, ਜਦਕਿ ਪੁਲਸ ਦਾ ਕਹਿਣਾ ਹੈ ਕਿ ਗੋਲ਼ੀਆਂ ਚਲਾਏ ਜਾਣ ਦੀ ਅਜੇ ਤਕ ਕੋਈ ਪੁਸ਼ਟੀ ਨਹੀਂ ਹੋਈ ਅਤੇ ਨਾ ਹੀ ਮੌਕੇ ਤੋਂ ਕੋਈ ਖੋਲ ਆਦਿ ਬਰਾਮਦ ਹੋਇਆ ਹੈ। ਇਕ ਔਰਤ ਨੇ ਇਹ ਵੀ ਦੋਸ਼ ਲਾਇਆ ਕਿ ਜਦੋਂ ਗੁੰਡਾ ਅਨਸਰ ਉਸ ਦੇ ਪਤੀ ਨਾਲ ਕੁੱਟਮਾਰ ਕਰ ਰਹੇ ਸਨ ਤਾਂ ਉਸ ਨੇ ਇਸ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਗੁੰਡਿਆਂ ਨੇ ਉਸ ਦੇ ਗਲੇ ਵਿਚ ਪਹਿਨੀ ਸੋਨੇ ਦੀ ਚੇਨ ਅਤੇ ਕੰਨਾਂ ਦੀਆਂ ਵਾਲੀਆਂ ਝਪਟ ਲਈਆਂ।
ਇਹ ਵੀ ਪੜ੍ਹੋ: ਪੰਜਾਬ ਦੇ ਬਿਜਲੀ ਖ਼ਪਤਕਾਰ ਦੇਣ ਧਿਆਨ! ਪਾਵਰਕਾਮ ਨੇ ਲਾਗੂ ਕੀਤਾ ਨਵਾਂ ਸਿਸਟਮ, ਹੁਣ ਬਿਜਲੀ ਬਿੱਲ...

ਜਾਣਕਾਰੀ ਮੁਤਾਬਕ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਰਾਜ ਨਗਰ ਿਵਚ ਰਹਿੰਦੇ ਇਕ ਵਿਅਕਤੀ ਨਾਲ ਰੰਜਿਸ਼ ਨੂੰ ਲੈ ਕੇ ਇਹ ਗੁੰਡਾਗਰਦੀ ਦਾ ਨੰਗਾ ਨਾਚ ਰਾਜ ਨਗਰ ਵਿਚ ਹੋਇਆ। ਮੌਕੇ ’ਤੇ ਹਮਲਾਵਰ ਇਕ ਦਾਤਰ ਵੀ ਛੱਡ ਗਏ ਸਨ, ਜਿਹੜਾ ਲੋਕਾਂ ਨੇ ਏ. ਐੱਸ. ਆਈ. ਨੀਲਾ ਰਾਮ ਦੇ ਹਵਾਲੇ ਕਰ ਦਿੱਤਾ ਹੈ।
ਸੋਮਵਾਰ ਨੂੰ ਐੱਸ. ਐੱਚ. ਓ. ਬਸਤੀ ਬਾਵਾ ਖੇਲ ਜੈਇੰਦਰ ਸਿੰਘ ਵੱਲੋਂ ਵੀ ਵਾਰਦਾਤ ਵਾਲੀ ਜਗ੍ਹਾ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਨੂੰ ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪੂਰਾ ਇਨਸਾਫ਼ ਦਿਵਾਇਆ ਜਾਵੇਗਾ ਪਰ ਸੋਮਵਾਰ ਰਾਤ ਤਕ ਪੁਲਸ ਵੱਲੋਂ ਇਸ ਗੰਭੀਰ ਮਾਮਲੇ ਨੂੰ ਲੈ ਕੇ ਐੱਫ਼. ਆਈ. ਆਰ. ਦਰਜ ਨਹੀਂ ਕੀਤੀ ਗਈ ਸੀ। ਐੱਸ. ਐੱਚ. ਓ. ਨੇ ਇਸ ਸਬੰਧ ਵਿਚ ਕਿਹਾ ਕਿ ਅਜੇ ਤਕ ਪੁਲਸ ਨੂੰ ਪੀੜਤ ਲੋਕਾਂ ਵੱਲੋਂ ਬਿਆਨ ਨਹੀਂ ਦਿੱਤੇ ਗਏ ਹਨ। ਉਨ੍ਹਾਂ ਦੇ ਬਿਆਨ ਹੁੰਦੇ ਹੀ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁੰਡਾਗਰਦੀ ਕਰਨ ਵਾਲੇ ਹਮਲਾਵਰਾਂ ਨੂੰ ਪੁਲਸ ਲੱਭ ਰਹੀ ਹੈ।
ਇਹ ਵੀ ਪੜ੍ਹੋ: ਰਾਜਾ ਵੜਿੰਗ ਦੇ ਵਿਵਾਦਤ ਬਿਆਨ ਮਗਰੋਂ ਸਿਆਸਤ 'ਚ ਵੱਡੀ ਹਲਚਲ! ਇਸ ਕਾਂਗਰਸੀ ਆਗੂ ਨੇ ਦਿੱਤਾ ਅਸਤੀਫ਼ਾ
