ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਚੱਕਰਵਾਤ ''ਅਮਫਾਨ'', ਓਡੀਸ਼ਾ-ਬੰਗਾਲ ''ਚ ਬਾਰਸ਼ ਸ਼ੁਰੂ, ਕਈ ਮਕਾਨ ਤਬਾਹ

05/20/2020 5:30:04 PM

ਨੈਸ਼ਨਲ ਡੈਸਕ- ਜ਼ਿਆਦਾ ਭਿਆਨਕ ਚੱਕਰਵਾਤੀ ਤੂਫਾਨ 'ਅਮਫਾਨ' ਬੁੱਧਵਾਰ ਨੂੰ ਭਾਰਤੀ ਤੱਟਾਂ ਵੱਲ ਤੇਜ਼ੀ ਨਾਲ ਅੱਗੇ ਵਧਿਆ, ਜਿਸ ਕਾਰਨ ਤੱਟਵਰਤੀ ਓਡੀਸ਼ਾ ਅਤੇ ਪੱਛਮੀ ਬੰਗਾਲ 'ਚ ਬਾਰਸ਼ ਸ਼ੁਰੂ ਹੋ ਗਈ, ਕਈ ਮਕਾਨ ਢਹਿ ਗਏ ਅਤੇ ਚਾਰ ਲੱਖ ਤੋਂ ਵਧ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਲਿਜਾਉਣਾ ਪਿਆ। ਇਕ ਸਮੇਂ 'ਤੇ ਮਹਾਚੱਕਰਵਾਤ ਦੱਸਿਆ ਜਾ ਰਿਹਾ ਇਹ ਤੂਫਾਨ ਮੰਗਲਵਾਰ ਤੋਂ ਭਾਵੇਂ ਹੀ ਥੋੜ੍ਹਾ ਕਮਜ਼ੋਰ ਹੋ ਰਿਹਾ ਹੈ ਪਰ ਇਸ ਨੇ 2 ਪੂਰਬੀ ਰਾਜਾਂ 'ਚ ਤਬਾਹੀ ਮਚਾਉਣ ਲਈ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਓਡੀਸ਼ਾ ਦੇ ਵਿਸ਼ੇਸ਼ ਰਾਹਤ ਕਮਿਸ਼ਨਰ (ਐੱਸ.ਆਰ.ਸੀ.) ਪੀ.ਕੇ ਜੇਨਾ ਨੇ ਦੱਸਿਆ ਕਿ ਓਡੀਸ਼ਾ ਦੇ ਹੇਠਲੇ ਤੱਟਵਰਤੀ ਇਲਾਕਿਆਂ ਤੋਂ 1.25 ਲੱਖ ਤੋਂ ਵਧ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਇਆ ਗਿਆ ਹੈ ਅਤੇ ਬਾਲਾਸੋਰ ਵਰਗੇ ਕਈ ਸਥਾਨਾਂ 'ਤੇ ਇਹ ਕੰਮ ਹਾਲੇ ਵੀ ਜਾਰੀ ਹੈ। ਪੱਛਮੀ ਬੰਗਾਲ 'ਚ ਤਿੰਨ ਲੱਖ ਤੋਂ ਵਧ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਇਆ ਗਿਆ ਹੈ।

PunjabKesariਪੁਰੀ, ਖੁਰਦਾ, ਜਗਤਸਿੰਘਪੁਰ, ਕਟਕ, ਕੇਂਦਰਪਾੜਾ, ਜਾਜਪੁਰ, ਗੰਜਾਮ, ਭਦਰਕ ਅਤੇ ਬਾਲਾਸੋਰ ਜ਼ਿਲਿਆਂ ਦੇ ਕਈ ਸਥਾਨਾਂ 'ਚ ਮੰਗਲਵਾਰ ਤੋਂ ਭਾਰੀ ਬਾਰਸ਼ ਹੋ ਰਹੀ ਹੈ। ਹਾਲਾਂਕਿ ਤੂਫਾਨ ਓਡੀਸ਼ਾ 'ਚ ਪਾਰਾਦੀਪ ਦੇ ਪੂਰਬ-ਦੱਖਣ ਪੂਰਬ 'ਚ ਕਰੀਬ 120 ਕਿਲੋਮੀਟਰ, ਦੀਘਾ (ਪੱਛਮੀ ਬੰਗਾਲ) ਦੇ ਦੱਖਣ-ਦੱਖਣ ਪੂਰਬ 'ਚ 125 ਕਿਲੋਮੀਟਰ ਅਤੇ ਕੋਲਕਾਤਾ ਦੇ ਦੱਖਣ 'ਚ ਕਰੀਬ 220 ਕਿਲੋਮੀਟਰ ਦੂਰ ਹੈ ਪਰ ਇਸ ਦਾ ਅਸਰ ਦੋਹਾਂ ਰਾਜਾਂ 'ਚ ਦਿਖਾਈ ਦੇਣ ਲੱਗਾ ਹੈ। ਇਕ ਮੌਸਮ ਵਿਗਿਆਨੀ ਨੇ ਦੱਸਿਆ ਕਿ ਤੂਫਾਨ ਦੇ ਕੇਂਦਰ ਦੇ ਨੇੜੇ-ਤੇੜੇ ਹਵਾਵਾਂ ਦੀ ਗਤੀ ਲਗਾਤਾਰ 170 ਤੋਂ 180 ਕਿਲੋਮੀਟਰ ਪ੍ਰਤੀ ਘੰਟਾ ਬਣਾ ਰਹੀ, ਜਿਨ੍ਹਾਂ ਨੇ ਵਿਚ-ਵਿਚ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਫੜੀ। ਚੱਕਰਵਾਤ ਜਦੋਂ ਕੋਲਕਾਤਾ ਪਹੁੰਚੇਗਾ ਤਾਂ 110 ਤੋਂ 120 ਕਿਲੋਮੀਟਰ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਇਹ ਹੋਰ ਕਮਜ਼ੋਰ ਹੋ ਕੇ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਅਤੇ ਨਦੀਆ ਪਹੁੰਚੇਗਾ। ਇਸ ਤੋਂ ਬਾਅਦ ਇਸ ਬੰਗਲਾਦੇਸ਼ 'ਚ ਡੂੰਘੇ ਦਬਾਅ ਦੇ ਰੂਪ 'ਚ ਪਹੁੰਚੇਗਾ।

ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ ਇਸ ਦੇ ਕਮਜ਼ੋਰ ਹੋ ਕੇ ਚੱਕਰਵਾਤੀ ਤੂਫਾਨ ਦੇ ਰੂਪ 'ਚ ਪੱਛਮੀ ਬੰਗਾਲ ਦੇ ਨਦੀਆ ਅਤੇ ਮੁਰਸ਼ਿਦਾਬਾਦ ਜ਼ਿਲਿਆਂ ਤੋਂ ਲੰਘਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ ਇਹ ਵੀਰਵਾਰ ਦੁਪਹਿਰ ਨੂੰ ਬੰਗਲਾਦੇਸ਼ 'ਚ ਡੂੰਘੇ ਦਬਾਅ ਦੇ ਰੂਪ 'ਚ ਪਹੁੰਚੇਗਾ। ਚੱਕਰਵਾਤ ਕਾਰਨ ਹਵਾਵਾਂ ਦੀ ਗਤੀ ਲਗਾਤਾਰ 170 ਤੋਂ 180 ਕਿਲੋਮੀਟਰ ਪ੍ਰਤੀ ਘੰਟਾ ਬਣੀ ਰਹੀ, ਜਿਨ੍ਹਾਂ ਨੇ ਵਿਚ-ਵਿਚ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਫੜੀ। ਕੋਲਕਾਤਾ 'ਚ ਸਵੇਰ ਤੋਂ ਤੇਜ਼ ਹਵਾਵਾਂ ਨਾਲ ਮਾਮੂਲੀ ਬਾਰਸ਼ ਹੋ ਰਹੀ ਹੈ। ਚੱਕਰਵਾਤ ਦੇ ਮੱਦੇਨਜ਼ਰ ਜ਼ਿਆਦਾਤਰ ਲੋਕ ਘਰਾਂ 'ਚ ਹਨ, ਇਸ ਲਈ ਸੜਕਾਂ 'ਤੇ ਆਵਾਜਾਈ ਬੇਹੱਦ ਘੱਟ ਨਜ਼ਰ ਆਈ।

PunjabKesariHighlights
1- ਮੌਸਮ ਵਿਭਾਗ ਅਨੁਸਾਰ ਚੱਕਰਵਾਤ ਦੀ ਰਫ਼ਤਾਰ ਕਾਫੀ ਤੇਜ਼ ਹੈ। ਅਮਫਾਨ ਓਡੀਸ਼ਾ ਸਮੇਤ ਤੱਟ ਨਾਲ ਲੱਗਦੇ 8 ਰਾਜਾਂ 'ਚ ਤਬਾਹੀ ਮਚਾ ਸਕਦਾ ਹੈ, ਜਿਸ ਕਾਰਨ ਬੰਗਾਲ, ਓਡੀਸ਼ਾ, ਆਂਧਰਾ ਪ੍ਰਦੇਸ਼, ਕੇਰਲ, ਤਾਮਿਲਨਾਡੂ 'ਚ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਹੈ।
2- ਮੌਸਮ ਵਿਭਾਗ ਨੇ ਪੱਛਮੀ ਬੰਗਾਲ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ ਅਤੇ ਸਾਵਧਾਨ ਕੀਤਾ ਹੈ ਕਿ ਕੋਲਕਾਤਾ, ਹੁਗਲੀ, ਹਾਵੜਾ, ਦੱਖਣੀ ਅਤੇ ਉਤਰ 24 ਪਰਗਨਾ ਅਤੇ ਪੂਰਬੀ ਮਿਦਨਾਪੁਰ ਜ਼ਿਲਿਆਂ 'ਚ ਵੱਡੇ ਪੈਮਾਨੇ 'ਤੇ ਨੁਕਸਾਨ ਹੋ ਸਕਦਾ ਹੈ।
3- ਮੌਸਮ ਵਿਗਿਆਨ ਵਿਭਾਗ ਨੇ ਕੋਲਕਾਤਾ ਅਤੇ ਨਜ਼ਦੀਕੀ ਇਲਾਕਿਆਂ 'ਚ 20 ਮਈ ਨੂੰ ਸਾਰੀਆਂ ਸੰਸਥਾਵਾਂ ਅਤੇ ਬਾਜ਼ਾਰ ਬੰਦ ਕਰਨ ਅਤੇ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਲਗਾਉਣ ਦੀ ਸਲਾਹ ਦਿੱਤੀ ਹੈ।
4- ਚੱਕਰਵਾਤੀ ਤੂਫਾਨ 'ਅਮਫਾਨ' ਦੇ ਆਉਣ ਤੋਂ ਪਹਿਲਾਂ ਪੱਛਮੀ ਬੰਗਾਲ ਅਤੇ ਓਡੀਸ਼ਾ ਤੋਂ ਕਰੀਬ 4.5 ਲੱਖ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਇਆ ਗਿਆ ਹੈ।
5- ਓਡੀਸ਼ਾ ਸਰਕਾਰ ਨੇ ਚੌਕਸੀ ਕਦਮ ਦੇ ਤੌਰ 'ਤੇ 11 ਲੱਖ ਲੋਕਾਂ ਨੂੰ ਉੱਥੋਂ ਸੁਰੱਖਿਅਤ ਸਥਾਨ 'ਤੇ ਪਹੁੰਚਾ ਦਿੱਤਾ ਹੈ। ਸਾਰੇ ਮਛੇਰੇ ਆਪਣੀਆਂ ਕਿਸ਼ਤੀਆਂ ਅਤੇ ਹੋਰ ਚੀਜ਼ਾਂ ਨੂੰ ਲੈ ਕੇ ਪਹਿਲਾਂ ਹੀ ਸਮੁੰਦਰ ਤੋਂ ਵਾਪਸ ਆ ਗਏ ਹਨ ਅਤੇ ਉਨ੍ਹਾਂ ਨੂੰ 21 ਮਈ ਤੱਕ ਸਮੁੰਦਰ 'ਚ ਨਹੀਂ ਜਾਣ ਦੀ ਸਲਾਹ ਦਿੱਤੀ ਗਈ ਹੈ।
6- ਮੌਸਮ ਵਿਭਾਗ ਅਨੁਸਾਰ, ਉੱਤਰ ਅਤੇ ਮੱਧ ਭਾਰਤ 'ਤੇ ਸੁਪਰ ਸਾਈਕਲੋਨ ਦਾ ਅਸਰ ਨਹੀਂ ਹੋਵੇਗਾ। ਹਾਲਾਂਕਿ ਜਦੋਂ ਇਹ ਸਾਗਰ ਦੀਪ ਦੇ ਨੇੜੇ-ਤੇੜੇ ਜ਼ਮੀਨ ਨਾਲ ਟਕਰਾਏਗਾ ਤਾਂ ਹਵਾਵਾਂ ਦੀ ਰਫਤਾਰ 165 ਕਿਲੋਮੀਟਰ ਤੱਕ ਰਹੇਗੀ। ਮੱਧ ਪ੍ਰਦੇਸ਼ ਦੇ ਰੀਵਾ, ਸ਼ਹਿਡੋਲ, ਸਾਗਰ, ਜਬਲਪੁਰ 'ਚ ਹਲਕੀ ਬਾਰਸ਼ ਹੋ ਸਕਦੀ ਹੈ।

ਓਡੀਸ਼ਾ ਅਤੇ ਪੱਛਮੀ ਬੰਗਾਲ 'ਚ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਇਸ ਤੂਫਾਨ 'ਤੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੇ ਡਾਪਲਰ ਵੇਦਰ ਰਡਾਰ ਦੇ ਮਾਧਿਅਮ ਨਾਲ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉੱਥੇ ਹੀ ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਪ੍ਰਚੰਡ ਤੂਫਾਨ ਹੌਲੀ-ਹੌਲੀ ਕਮਜ਼ੋਰ ਪੈ ਰਿਹਾ ਹੈ, ਇਸ ਲਈ ਓਡੀਸ਼ਾ 'ਤੇ ਇਸ ਦਾ ਬਹੁਤ ਜ਼ਿਆਦਾ ਅਸਰ ਸ਼ਾਇਦ ਨਾ ਹੋਵੇ।


DIsha

Content Editor

Related News