ਪੰਜਾਬ: ਤੇਜ਼ੀ ਨਾਲ ਪੈਰ ਪਸਾਰ ਰਹੀ ਇਹ ਬੀਮਾਰੀ! ਲੈ ਲਈਆਂ ਦੋ ਜਾਨਾਂ

Thursday, Oct 16, 2025 - 06:01 PM (IST)

ਪੰਜਾਬ: ਤੇਜ਼ੀ ਨਾਲ ਪੈਰ ਪਸਾਰ ਰਹੀ ਇਹ ਬੀਮਾਰੀ! ਲੈ ਲਈਆਂ ਦੋ ਜਾਨਾਂ

ਸ਼ੇਰਪੁਰ (ਅਨੀਸ਼)- ਕਸਬਾ ਸ਼ੇਰਪੁਰ ਅਤੇ ਇਸ ਦੇ ਆਲੇ-ਦੁਆਲੇ ਪਿੰਡਾਂ ’ਚ ਤਕਰੀਬਨ ਹਰ ਦੂਜੇ ਅਤੇ ਤੀਜੇ ਘਰ ਬੁਖਾਰ ਤੇ ਪਲੇਟਲੈੱਟਸ ਸੈੱਲ ਘਟਣ ਵਾਲੇ ਮਰੀਜ਼ਾਂ ਦੀ ਗਿਣਤੀ ਦੇਖਣ ਨੂੰ ਮਿਲ ਰਹੀ ਹੈ। ਬੀਤੇ ਦਿਨੀਂ ਸੈੱਲ ਘੱਟਣ ਨਾਲ ਇਕ 14 ਸਾਲਾ ਬੱਚੇ ਅਤੇ ਇਕ 42 ਸਾਲਾ ਔਰਤ ਦੀ ਮੌਤ ਹੋ ਗਈ , ਜਿੰਨਾ ’ਚ ਬੱਚੇ ਦਾ ਇਲਾਜ ਚੰਡੀਗੜ੍ਹ ਅਤੇ ਔਰਤ ਦਾ ਇਲਾਜ ਬਠਿੰਡਾ ਵਿਖੇ ਚੱਲ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ! ਪੜ੍ਹੋ ਪੂਰੀ List

ਔਰਤ ਦੇ ਪਤੀ ਕ੍ਰਿਸ਼ਨ ਬਲਦੇਵ ਜੋ ਕਿ ਡਰਾਈਕਲੀਨਰ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦਾ ਹੈ ਨੇ ਦੱਸਿਆ ਕਿ ਪਹਿਲਾਂ ਉਸ ਨੇ ਆਪਣੀ ਪਤਨੀ ਰੀਤੂ ਰਾਣੀ ਦੇ ਸੈੱਲ ਘਟਣ ਕਾਰਨ ਉਸ ਦਾ ਇਲਾਜ ਸ਼ੇਰਪੁਰ ਦੇ ਇਕ ਪ੍ਰਾਈਵੇਟ ਹਸਪਤਾਲ ਤੋਂ ਕਰਵਾਇਆ ਜਦੋਂ ਕੋਈ ਫਰਕ ਨਾ ਪਿਆ ਤਾਂ ਉਸਨੂੰ ਬਠਿੰਡਾ ਦੇ ਏਮਜ਼ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਜ਼ੇਰੇ ਇਲਾਜ ਉਸਦੀ ਮੌਤ ਹੋ ਗਈ। ਉਸ ਨੇ ਭਰੇ ਮਨ ਨਾਲ ਦੱਸਿਆ ਕਿ ਉਸਦੀ ਪਤਨੀ ਆਪਣੇ ਪਿੱਛੇ ਦੋ ਲੜਕੀਆਂ ਅਤੇ ਇਕ ਲੜਕਾ ਛੱਡ ਗਈ। ਇਸੇ ਤਰ੍ਹਾਂ 14 ਸਾਲਾ ਮਾਪਿਆਂ ਦਾ ਇਕਲੌਤਾ ਪੁੱਤਰ ਅਭੀਜੀਤ ਸਿੰਘ ਪੁੱਤਰ ਜਗਸੀਰ ਸਿੰਘ ਜੱਗੀ ਵੀ ਸਰਕਾਰਾਂ ਦੇ ਮਾੜੇ ਪ੍ਰਬੰਧਾਂ ਦੀ ਭੇਟ ਚੜ੍ਹ ਗਿਆ।

ਕੀ ਕਹਿੰਦੇ ਹਨ ਸਿਹਤ ਵਿਭਾਗ ਦੇ ਆਂਕੜੇ

ਜੇਕਰ ਸਰਕਾਰੀ ਸਿਹਤ ਆਂਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਰਾਜ ਭਰ ’ਚ 1,671 ਲੋਕ ਡੇਂਗੂ ਨਾਲ ਪੀੜਤ ਹਨ। ਸਿਹਤ ਵਿਭਾਗ ਦੇ ਅਨੁਸਾਰ ਪਟਿਆਲਾ ਜ਼ਿਲਾ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿਸ ਦੇ 302 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਲੁਧਿਆਣਾ 190 ਮਾਮਲਿਆਂ ਨਾਲ ਸੂਬੇ ਦਾ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਜ਼ਿਲਾ ਬਣ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ! ਦੁੱਗਣਾ ਕੀਤਾ ਕੋਟਾ

ਮਾਹਿਰਾਂ ਦਾ ਕਹਿਣਾ ਹੈ ਕਿ ਡੇਂਗੂ ਮੱਛਰ ਮੁੱਖ ਤੌਰ ’ਤੇ ਜੁਲਾਈ ਅਤੇ ਨਵੰਬਰ ਦੇ ਵਿਚਕਾਰ ਸਰਗਰਮ ਹੁੰਦਾ ਹੈ। ਇਸ ਸਾਲ ਹੜ੍ਹਾਂ ਅਤੇ ਭਾਰੀ ਬਾਰਿਸ਼ਾਂ ਨੇ ਸਥਿਤੀ ਨੂੰ ਹੋਰ ਵਿਗੜ ਦਿੱਤਾ ਹੈ। ਕਈ ਇਲਾਕਿਆਂ ’ਚ ਖੜ੍ਹੇ ਪਾਣੀ ਨੇ ਮੱਛਰਾਂ ਦੇ ਪ੍ਰਜਨਨ ਨੂੰ ਉਤਸ਼ਾਹਿਤ ਕੀਤਾ ਹੈ। ਅਕਤੂਬਰ ’ਚ ਅਜੇ ਵੀ ਮੱਛਰਾਂ ਦੇ ਲਾਰਵੇ ਪਾਏ ਜਾ ਰਹੇ ਹਨ, ਜਿਸ ਨਾਲ ਡਰ ਹੈ ਕਿ ਆਉਣ ਵਾਲੇ ਹਫਤਿਆਂ ’ਚ ਮਾਮਲੇ ਹੋਰ ਵਧ ਸਕਦੇ ਹਨ। ਸਿਹਤ ਵਿਭਾਗ ਦੇ ਅਨੁਸਾਰ ਸੰਗਰੂਰ ਜ਼ਿਲੇ ’ਚ 28 ਡੇਂਗੂ ਅਤੇ 39 ਚਿਕਨਗੁਨੀਆ ਦੇ ਮਾਮਲੇ ਸਾਹਮਣੇ ਆਏ ਹਨ। ਵਿਭਾਗ ਨੇ ਰਾਜ ਭਰ ’ਚ 40,000 ਤੋਂ ਵੱਧ ਡੇਂਗੂ ਟੈਸਟ ਕੀਤੇ ਹਨ।

ਜਾਨਲੇਵਾ ਸਾਬਿਤ ਹੋ ਰਿਹਾ ਹੈ ਡੇਂਗੂ ਵਾਇਰਸ

ਡੇਂਗੂ ਵਾਇਰਸ ਦੀਆਂ ਚਾਰ ਕਿਸਮਾਂ ਡੀ.ਈ.ਐੱਨ.ਵੀ.-1, ਡੀ.ਈ.ਐੱਨ.ਵੀ.-2, ਡੀ.ਈ.ਐੱਨ.ਵੀ.-3 ਅਤੇ ਡੀ.ਈ.ਐੱਨ.ਵੀ.-4 ਹਨ। ਇਸ ਵੇਲੇ ਸਭ ਤੋਂ ਵੱਧ ਦੇਖਿਆ ਜਾ ਰਿਹਾ ਰੂਪ ਡੀ.ਈ.ਐੱਨ.ਵੀ.-2 ਹੈ, ਜਿਸ ਨੂੰ ਸਭ ਤੋਂ ਖਤਰਨਾਕ ਕਿਸਮ ਮੰਨਿਆ ਜਾਂਦਾ ਹੈ। ਇਹ ਰੂਪ ਗੰਭੀਰ ਲੱਛਣਾਂ ਦਾ ਕਾਰਨ ਬਣਦਾ ਹੈ, ਜਿਸ ’ਚ ਤੇਜ਼ ਬੁਖਾਰ, ਉਲਟੀਆਂ, ਪੇਟ ਦਰਦ, ਖੂਨ ਵਗਣਾ, ਬੇਚੈਨੀ ਅਤੇ ਮਾਨਸਿਕ ਉਲਝਣ ਸ਼ਾਮਲ ਹਨ। ਜੇਕਰ ਤੁਰੰਤ ਇਲਾਜ ਨਾ ਕੀਤਾ ਜਾਵੇ, ਤਾਂ ਇਹ ਡੇਂਗੂ ਹੈਮੋਰੇਜਿਕ ਸਿੰਡਰੋਮ ਅਤੇ ਡੇਂਗੂ ਸ਼ੌਕ ਸਿੰਡਰੋਮ ਵਰਗੀਆਂ ਜਾਨਲੇਵਾ ਸਥਿਤੀਆਂ ਦਾ ਕਾਰਨ ਬਣ ਸਕਦਾ ਹੈ। ਡੇਂਗੂ ਦੇ ਪ੍ਰਭਾਵ ਉਦੋਂ ਤੱਕ ਬਣੇ ਰਹਿੰਦੇ ਹਨ ਜਦੋਂ ਤੱਕ ਤਾਪਮਾਨ 16 ਡਿਗਰੀ ਸੈਲਸੀਅਸ ਤੱਕ ਨਹੀਂ ਪਹੁੰਚ ਜਾਂਦਾ। ਤਾਪਮਾਨ ਘੱਟਣ ’ਤੇ ਇਹ ਆਪਣੇ ਆਪ ਠੀਕ ਹੋ ਜਾਵੇਗਾ।

 


author

Anmol Tagra

Content Editor

Related News