ਨਾਬਾਲਗ ਨਾਲ ਕਰਦਾ ਰਿਹਾ ਜਬਰ-ਜ਼ਿਨਾਹ, ਕਲਯੁਗੀ ਪਿਤਾ ਕਾਬੂ
Wednesday, Oct 08, 2025 - 03:07 PM (IST)

ਮੋਹਾਲੀ (ਜੱਸੀ) : ਕਲਯੁਗੀ ਪਿਤਾ ਨੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦਿਆਂ ਨਾਬਾਲਗ ਧੀ ਨਾਲ ਜਬਰ-ਜ਼ਿਨਾਹ ਕੀਤਾ। ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਪੀੜਤ ਦੀ ਮਾਂ ਨੇ ਥਾਣਾ ਜ਼ੀਰਕਪੁਰ ਪੁਲਸ ਨੂੰ ਸ਼ਿਕਾਇਤ ’ਚ ਦੱਸਿਆ ਕਿ ਉਹ ਕੋਠੀਆਂ ’ਚ ਸਫ਼ਾਈ ਕਰਦੀ ਹੈ। ਉਸ ਦਾ ਵਿਆਹ ਚੰਦਰਭਾਨ ਵਾਸੀ ਬਿਹਾਰ ਨਾਲ ਹੋਇਆ ਸੀ, ਜਿਸ ਤੋਂ 13 ਸਾਲ ਦੀ ਧੀ ਤੇ 10 ਸਾਲ ਦਾ ਪੁੱਤ ਹੈ। ਦਿਮਾਗੀ ਹਾਲਤ ਖਰਾਬ ਹੋਣ ਕਾਰਨ ਉਸ ਨੇ ਪਤੀ ਨੂੰ ਛੱਡ ਦਿੱਤਾ।
ਇਸ ਤੋਂ ਬਾਅਦ ਉਸ ਦੀ ਮੁਲਾਕਾਤ ਦੋਸ਼ੀ ਨਾਲ ਹੋਈ ਤੇ ਫਿਰ ਉਸ ਨਾਲ ਰਹਿਣ ਲੱਗ ਪਈ। ਬੀਤੀ ਸਵੇਰੇ 8 ਵਜੇ ਦੇ ਕਰੀਬ ਉਸ ਦੀ ਧੀ ਘਬਰਾਈ ਹੋਈ ਸੀ। ਉਸ ਨੇ ਦੱਸਿਆ ਕਿ ਪੇਟ ’ਚ ਦਰਦ ਹੋ ਰਿਹਾ ਹੈ। ਜਦੋਂ ਪਿਆਰ ਨਾਲ ਬਿਠਾ ਕੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਪਿਤਾ ਜਿਸਮਾਨੀ ਸੋਸ਼ਣ ਕਰਦਾ ਸੀ। ਇੰਨਾ ਹੀ ਨਹੀਂ ਕਈ ਵਾਰ ਉਸ ਨੇ ਜਬਰ-ਜ਼ਿਨਾਹ ਵੀ ਕੀਤਾ। ਰੋਕਣ ’ਤੇ ਪਿਤਾ ਕੁੱਟਮਾਰ ਕਰਦਾ ਅਤੇ ਧਮਕੀ ਦਿੰਦਾ ਸੀ ਕਿ ਜੇਕਰ ਆਪਣੀ ਮਾਂ ਜਾਂ ਕਿਸੇ ਹੋਰ ਨੂੰ ਦੱਸਿਆ ਤਾਂ ਉਹ ਮਾਰ ਦੇਵੇਗਾ।