ਸਮਾਣਾ ’ਚ 100 ਪੇਂਡੂ ਲਿੰਕ ਸੜਕਾਂ ਜੰਗੀ ਪੱਧਰ ’ਤੇ ਬਣਨੀਆਂ ਸ਼ੁਰੂ : ਵਿਧਾਇਕ ਜੌੜਾਮਾਜਰਾ

Thursday, Oct 16, 2025 - 05:01 PM (IST)

ਸਮਾਣਾ ’ਚ 100 ਪੇਂਡੂ ਲਿੰਕ ਸੜਕਾਂ ਜੰਗੀ ਪੱਧਰ ’ਤੇ ਬਣਨੀਆਂ ਸ਼ੁਰੂ : ਵਿਧਾਇਕ ਜੌੜਾਮਾਜਰਾ

ਸਮਾਣਾ (ਅਨੇਜਾ, ਅਸ਼ੋਕ, ਦਰਦ)- ਸਮਾਣਾ ਹਲਕੇ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਮਾਣਾ ਹਲਕੇ ਦੀਆਂ 100 ਦਿਹਾਤੀ ਲਿੰਕ ਸੜਕਾਂ ਨੂੰ ਮੁੜ ਬਣਾਉਣ ਅਤੇ ਮੁਰੰਮਤ ਲਈ ਭੇਜੇ ਗਏ 32.17 ਕਰੋੜ ਰੁਪਏ ਨਾਲ ਸਾਰੀਆਂ ਸੜਕਾਂ ਦੇ ਨਿਰਮਾਣ ਕਾਰਜ ਜੰਗੀ ਪੱਧਰ ’ਤੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਹਲਕੇ ਦਾ ਚਹੁੰਤਰਫ਼ਾ ਵਿਕਾਸ ਕਰਵਾਉਣਾ ਉਨ੍ਹਾਂ ਦੀ ਮੁੱਢਲੀ ਤਰਜੀਹ ਹੈ, ਜਿਸ ਲਈ ਹਰ ਪਿੰਡ ਦੀ ਸੜਕ ਬਣਵਾਈ ਜਾ ਰਹੀ ਹੈ।

ਵਿਧਾਇਕ ਜੌੜਾਮਾਜਰਾ ਨੇ ਪਟਿਆਲਾ-ਸਮਾਣਾ ਰੋਡ ਤੋਂ ਬਿਜਲਪੁਰ, ਤੁਲੇਵਾਲ, ਸਮਾਣਾ ਰੋਡ ਤੋਂ ਬਿਜਲਪੁਰ ਰੋਡ ਤੋਂ ਸੈਦਪੁਰ ਤੇ ਨੱਸੂਪੁਰ, ਸਮਾਣਾ ਟੋਡਰਪੁਰ ਰੋਡ ਤੋਂ ਗੁਰਦੁਆਰਾ ਸਾਹਿਬ, ਰਾਜਲਾ ਤੋਂ ਕੋਟਲਾ ਨਸਰੂ ਤੋਂ ਸਮਾਣਾ ਬਾਈਪਾਸ ਦੇ ਨਾਲ ਲਿੰਕ ਲਾਇਬ੍ਰੇਰੀ ਰਾਜਲਾ, ਸਮਾਣਾ ਧਨੌਰੀ ਰੋਡ ਤੋਂ ਸਮਾਣਾ ਟੋਡਰਪੁਰ ਰੋਡ ਵਾਇਆ ਬਸਤੀ ਗੋਬਿੰਦ ਨਗਰ ਅਤੇ ਸਮਾਣਾ ਭਵਾਨੀਗੜ੍ਹ ਰੋਡ ਤੋਂ ਕੁਲਾਰਾਂ ਵਾਇਆ ਤਲਵੰਡੀ ਮਲਿਕ ਤੇ ਆਲਮਪੁਰ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ। ਇਨ੍ਹਾਂ ਸਾਰੀਆਂ ਸੜਕਾਂ ਦੀ ਕੁਲ ਲੰਬਾਈ 9.87 ਕਿਲੋਮੀਟਰ ਅਤੇ ਲਾਗਤ 2.4 ਕਰੋੜ ਰੁਪਏ ਬਣਦੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ! ਦੁੱਗਣਾ ਕੀਤਾ ਕੋਟਾ

ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀ ਪਹਿਲਕਦਮੀ ਸਦਕਾ ਇਹ ਪਹਿਲੀ ਵਾਰ ਹੋਇਆ ਹੈ ਕਿ ਇਹ ਸੜਕਾਂ ਹੁਣ ਬਣਨ ਸਾਰ ਨਹੀਂ ਟੁੱਟਣਗੀਆਂ ਸਗੋਂ ਪੰਜ ਸਾਲ ਤੱਕ ਇਨ੍ਹਾਂ ਦੀ ਮੁਰੰਮਤ ਲਈ ਸਬੰਧਤ ਠੇਕੇਦਾਰ ਦੀ ਜਿੰਮੇਵਾਰੀ ਹੋਵੇਗੀ। ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦਾ ਸਨਮਾਨ ਕਰਦਿਆਂ ਸੜਕਾਂ ਬਣਵਾਉਣ ਲਈ ਧੰਨਵਾਦ ਕੀਤਾ।

ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਗੁਰਦੇਵ ਸਿੰਘ ਟਿਵਾਣਾ, ਸਰਪੰਚ ਰੰਧਾਵਾ ਗੁਰਜੀਤ ਸਿੰਘ, ਖੇੜੀ ਬਰਨਾ ਸਰਪੰਚ ਲਖਵਿੰਦਰ ਸਿੰਘ, ਧਰਮੇੜੀ ਸਰਪੰਚ ਵਰਿੰਦਰ ਸਿੰਘ, ਸਰਪੰਚ ਨਵਾਂ ਗ੍ਰਾਂ ਗੁਰਵਿੰਦਰ ਸਿੰਘ, ਸੱਸੀ ਬ੍ਰਹਾਮਣਾ ਰਵੀ ਤੇ ਹੋਰ ਪਿੰਡਾਂ ਦੇ ਮੋਹਤਬਰ ਮੌਜੂਦ ਸਨ।

 


author

Anmol Tagra

Content Editor

Related News