ਪੰਚਾਇਤ ਵਿਭਾਗ ''ਚ ਕਰੋੜਾਂ ਦੇ ਘਪਲੇ ਦਾ ਪਰਦਾਫਾਸ਼! ਵੱਡੇ ਅਫ਼ਸਰ ''ਤੇ ਡਿੱਗ ਸਕਦੀ ਹੈ ਗਾਜ਼
Monday, Oct 06, 2025 - 09:38 AM (IST)

ਲੁਧਿਆਣਾ (ਖੁਰਾਣਾ) : ਪੰਚਾਇਤ ਵਿਭਾਗ ਦੇ ਸੇਵਾ ਮੁਕਤ ਅਧਿਕਾਰੀ ਸੁਖਪਾਲ ਸਿੰਘ ਗਿੱਲ ਵਲੋਂ ਇਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਫਿਰੋਜ਼ਪੁਰ ਪੰਚਾਇਤ ਸੰਮਤੀ ’ਚ 1.80 ਕਰੋੜ ਰੁਪਏ ਦੇ ਕਥਿਤ ਡਿਜੀਟਲ ਘਪਲੇ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਗਿਆ ਹੈ। ਸੁਖਪਾਲ ਸਿੰਘ ਗਿੱਲ ਨੇ ਪੰਚਾਇਤ ਵਿਭਾਗ ਦੇ ਡਵੀਜ਼ਨਲ ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਰੁਣ ਸ਼ਰਮਾ ਖ਼ਿਲਾਫ਼ ਕਰੋੜਾਂ ਰੁਪਏ ਦੇ ਘਪਲੇ ਮਾਮਲੇ ’ਚ ਮਿਲੀਭੁਗਤ ਦਾ ਸ਼ੱਕ ਜਤਾਉਂਦੇ ਹੋਏ ਮਾਮਲੇ ਦੀ ਸ਼ਿਕਾਇਤ ਪੁਲਸ ਵਿਭਾਗ ਨੂੰ ਸੌਂਪਦੇ ਹੋਏ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਂਦੇ ਵਾਲੇ ਦਿਨਾਂ ’ਚ ਏ. ਡੀ. ਸੀ. ਅਰੁਣ ਸ਼ਰਮਾ ’ਤੇ ਵਿਭਾਗੀ ਅਤੇ ਕਾਨੂੰਨੀ ਗਾਜ ਡਿੱਗ ਸਕਦੀ ਹੈ। ਸ਼ਿਕਾਇਤਕਰਤਾ ਗਿੱਲ ਨੇ ਦੱਸਿਆ ਕਿ ਫਿਰੋਜ਼ਪੁਰ ਦੀ ਪੰਚਾਇਤ ਸੰਮਤੀ ’ਚ ਤਾਇਨਾਤ ਅਧਿਕਾਰੀਆਂ ਵਲੋਂ ਡਿਜੀਟਲ ਸਿਸਟਮ ਦੇ ਨਾਲ ਛੇੜਛਾੜ ਕਰਦੇ ਹੋਏ 1.80 ਕਰੋੜ ਰੁਪਏ ਦੇ ਕਥਿਤ ਘਪਲੇ ਨੂੰ ਅੰਜਾਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅਧਿਆਪਕਾਂ ਦੀਆਂ ਡਿਊਟੀਆਂ ਨੂੰ ਲੈ ਕੇ ਵੱਡੀ ਖ਼ਬਰ, ਸਿੱਖਿਆ ਮੰਤਰੀ ਨੇ ਕਰ 'ਤੀ ਬੇਹੱਦ ਸਖ਼ਤੀ
ਉਨ੍ਹਾਂ ਦੋਸ਼ ਲਗਾਏ ਕਿ ਜਾਂਚ ਰਿਪੋਰਟ ਮੁਤਾਬਕ ਐਡੀਸ਼ਨਲ ਡਿਪਟੀ ਕਮਿਸ਼ਨਰ ਅਰੁਣ ਸ਼ਰਮਾ ਨੇ ਨਿਯਮਾਂ ਨੂੰ ਖੁੱਲ੍ਹੇਆਮ ਮੂੰਹ ਚੜਾਉਂਦੇ ਹੋਏ ਡਾਟਾ ਆਪਰੇਟਰ ਜਸਵੀਰ ਕੌਰ ਦੇ ਮੋਬਾਇਲ ਨੰਬਰ ਨੂੰ ਪੰਚਾਇਤ ਦੇ ਪੋਰਟਲ ’ਤੇ ਰਜਿਸਟਰਡ ਕਰਵਾਇਆ ਗਿਆ, ਜਦੋਂਕਿ ਸਿਸਟਮ ਮੁਤਾਬਕ ਉਨ੍ਹਾਂ ਨੂੰ ਆਪਣੇ ਮੋਬਾਇਲ ਨੰਬਰ ਦੀ ਰਜਿਸਟ੍ਰੇਸ਼ਨ ਕਰਵਾਉਣੀ ਚਾਹੀਦੀ ਸੀ। ਦੋਸ਼ ਹਨ ਕਿ ਇਸ ਤਰ੍ਹਾਂ ਨਾਲ 2 ਫਰਜ਼ੀ ਡਿਜੀਟਲ ਸਾਈਨ ਡੌਂਗਲ ਤਿਆਰ ਕਰ ਕੇ ਉਨ੍ਹਾਂ ਵਲੋਂ ਰਕਮ ਦੀ ਕਥਿਤ ਹੇਰਾ-ਫੇਰੀ ਕਰਵਾਈ ਗਈ ਹੈ।
ਇਹ ਵੀ ਪੜ੍ਹੋ : ਵਿਦਿਆਰਥੀਆਂ ਨਾਲ ਜੁੜੀ ਅਹਿਮ ਖ਼ਬਰ, ਜਲਦ ਤੋਂ ਜਲਦ ਇਸ ਸਕੀਮ ਦਾ ਲੈਣ ਲਾਹਾ
ਜਾਂਚ ਤੋਂ ਬਾਅਦ ਥਾਣਾ ਸਿਟੀ ਫਿਰੋਜ਼ਪੁਰ ’ਚ ਐੱਫ. ਆਈ. ਆਰ. ਨੰ. 334/2024 ਦਰਜ ਕੀਤੀ ਗਈ ਹੈ, ਜਿਸ ’ਚ ਡਾਟਾ ਐਂਟਰੀ ਆਪਰੇਟਰ ਬੀ. ਡੀ. ਪੀ. ਓ. ਕਿਰਨਦੀਪ ਕੌਰ ਅਤੇ ਚੇਅਰਪਰਸਨ ਜਸਵਿੰਦਰ ਕੌਰ ਨੂੰ ਨਾਮਜ਼ਦ ਕੀਤਾ ਗਿਆ ਹੈ, ਜਦੋਂਕਿ ਏ. ਡੀ. ਸੀ. ਅਰੁਣ ਸ਼ਰਮਾ ਜੋ ਕਿ ਕਥਿਤ ਤੌਰ ’ਤੇ ਘਪਲੇ ਦੇ ਸੰਭਾਵਿਤ ਮਾਸਟਰ ਮਾਈਂਡ ਹਨ, ਦੇ ਖ਼ਿਲਾਫ਼ ਨਾ ਤਾਂ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਐੱਫ. ਆਈ. ਆਰ. ’ਚ ਉਨ੍ਹਾਂ ਦਾ ਨਾਂ ਸ਼ਾਮਲ ਕੀਤਾ ਗਿਆ ਹੈ। ਗਿੱਲ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੂੰ ਏ. ਡੀ. ਸੀ. (ਮੌਜੂਦਾ ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਮੋਹਾਲੀ) ਨੂੰ ਤੁਰੰਤ ਪ੍ਰਭਾਵ ਨਾਲ ਅਹੁਦੇ ਤੋਂ ਸਸਪੈਂਡ ਕਰ ਕੇ ਉਸ ਖ਼ਿਲਾਫ਼ ਵਿਜੀਲੈਂਸ ਬਿਊਰੋ ਜਾਂ ਈ. ਡੀ. ਤੋਂ ਜਾਂਚ ਕਰਵਾ ਕੇ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਦੋਂ ਡਿਪਟੀ ਡਾਇਰੈਕਟਰ ਅਰੁਣ ਸ਼ਰਮਾ ਦਾ ਪੱਖ ਜਾਣਨ ਲਈ ਉਨ੍ਹਾਂ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੱਕਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8