ਦਿੱਲੀ: ਏਮਜ਼ ’ਚ ਐਮਜੈਂਸੀ ਵਾਰਡ ਇਕ ਘੰਟੇ ਬਾਅਦ ਮੁੜ ਕੀਤਾ ਗਿਆ ਬਹਾਲ, ਇਸ ਵਜ੍ਹਾ ਤੋਂ ਕੀਤਾ ਸੀ ਬੰਦ
Saturday, Apr 24, 2021 - 05:24 PM (IST)

ਨਵੀਂ ਦਿੱਲੀ— ਦਿੱਲੀ ’ਚ ਕੋਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਹਸਪਤਾਲਾਂ ’ਚ ਬੈੱਡਾਂ ਅਤੇ ਆਕਸੀਜਨ ਦੀ ਭਾਰੀ ਕਿੱਲਤ ਹੋ ਗਈ ਹੈ। ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਵੇਖਦੇ ਹੋਏ ਏਮਜ਼ ਪ੍ਰਸ਼ਾਸਨ ਨੇ ਕੁਝ ਸਮੇਂ ਲਈ ਐਮਰਜੈਂਸੀ ਵਾਰਡ ਬੰਦ ਕਰ ਦਿੱਤਾ। ਕਰੀਬ 1 ਘੰਟਾ ਬੰਦ ਰਹਿਣ ਮਗਰੋਂ ਵਾਰਡ ਮੁੜ ਖੋਲ੍ਹਿਆ ਗਿਆ। ਏਮਜ਼ ਪ੍ਰਸ਼ਾਸਨ ਨੇ ਦੱਸਿਆ ਕਿ ਮਸ਼ੀਨਾਂ ਨੂੰ ਕੋਰੋਨਾ ਮੁਕਤ ਕਰਨ ਲਈ ਅਜਿਹਾ ਕੀਤਾ ਗਿਆ। ਇਸ ਦੇ ਨਾਲ ਹੀ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਦੀ ਵੱਧਦੀ ਜ਼ਰੂਰਤ ਕਾਰਨ ਆਕਸੀਜਨ ਪਾਈਲਾਈਨਾਂ ਦਾ ਮੁੜ ਗਠਨ ਕੀਤਾ ਗਿਆ ਹੈ। ਏਮਜ਼ ਦੀ ਮੁੱਖ ਇਮਾਰਤ ਵਿਚ ਕੋਰੋਨਾ ਪੀੜਤਾਂ ਦੇ ਇਲਾਜ ਲਈ ਦੋ ਨਵੇਂ ਵਾਰਡ ਬਣਾਏ ਗਏ ਹਨ। ਇੱਥੇ ਆਕਸੀਜਨ ਦੀ ਸਪਲਾਈ ਸਮੇਤ ਹੋਰ ਸਹੂਲਤਾਂ ਬਹਾਲ ਕੀਤੀਆਂ ਜਾ ਰਹੀਆਂ ਹਨ। ਛੇਤੀ ਹੀ ਇਨ੍ਹਾਂ ’ਚ ਮਰੀਜ਼ਾਂ ਨੂੰ ਦਾਖ਼ਲ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਿਦਿੱਲੀ ਵਿਚ ਕੋਰੋਨਾ ਦਾ ਕਹਿਰ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਵੱਡੀ ਗਿਣਤੀ ’ਚ ਲੋਕ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਰਹੇ ਹਨ। ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਦਿੱਲੀ ਦੇ ਕਈ ਵੱਡੇ ਹਸਪਤਾਲਾਂ ’ਚ ਆਕਸੀਜਨ ਦੀ ਭਾਰੀ ਕਿੱਲਤ ਹੈ। ਆਕਸੀਜਨ ਦੀ ਕਿੱਲਤ ਕਾਰਨ ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ’ਚ 20 ਮਰੀਜ਼ਾਂ ਦੀ ਮੌਤ ਹੋ ਗਈ।