ਖੌਫ ਵਿਚਾਲੇ ਰਾਹਤ ਦੀ ਖ਼ਬਰ, 192 ਲੋਕਾਂ ਨੇ ਜਿੱਤੀ ਕੋਰੋਨਾ ਨਾਲ ਜੰਗ

04/04/2020 10:25:44 AM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਖੌਫ ਵਿਚਾਲੇ ਦੇਸ਼ ਵਾਸੀਆਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਭਾਰਤ 'ਚ ਵੱਡੀ ਗਿਣਤੀ ਵਿਤ ਲੋਕ ਇਸ ਮਹਾਮਾਰੀ ਨਾਲ ਜੰਗ ਜਿੱਤ ਕੇ ਘਰ ਪਰਤੇ ਹਨ। ਹੁਣ ਤਕ 192 ਲੋਕ ਤੰਦਰੁਸਤ ਹੋਏ ਹਨ। ਦੱਸ ਦੇਈਏ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਦੇ ਮਾਮਲੇ ਵੱਧ ਕੇ 2567 ਹੋ ਗਏ ਹਨ, ਉੱਥੇ ਹੀ ਮਰਨ ਵਾਲਿਆਂ ਦੀ ਗਿਣਤੀ 72 ਹੋ ਚੁੱਕੀ ਹੈ। 

ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ 'ਚ ਕੋਵਿਡ-19 ਦੇ 2,303 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਦਕਿ 192 ਲੋਕਾਂ ਨੂੰ ਹਸਪਤਾਲ 'ਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਵਾਇਰਸ ਨਾਲ ਪੀੜਤ 'ਚ 55 ਵਿਦੇਸ਼ੀ ਨਾਗਰਿਕ ਵੀ ਹਨ। ਮੰਤਰਾਲੇ ਨੇ ਸਵੇਰੇ 9 ਵਜੇ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਕਾਰਨ 3 ਹੋਰ ਲੋਕਾਂ ਦੀ ਮੌਤ ਹੋ ਗਈ। ਮਹਾਰਾਸ਼ਟਰ 'ਚ ਇਸ ਵਾਇਰਸ ਕਾਰਨ ਦੇਸ਼ ਵਿਚ ਹੁਣ ਤਕ ਸਭ ਤੋਂ ਵਧ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਗੁਜਰਾਤ ਵਿਚ 7, ਮੱਧ ਪ੍ਰਦੇਸ਼ 'ਚ 6, ਪੰਜਾਬ 'ਚ 5, ਦਿੱਲੀ 'ਚ 4, ਜੰਮੂ-ਕਸ਼ਮੀਰ 'ਚ 2 ਅਤੇ ਕੇਰਲ ਵਿਚ 2 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪਿਛਲੇ 24 ਘੰਟਿਆਂ ਵਿਚ ਦੇਸ਼ ਅੰਦਰ ਕੋਰੋਨਾ ਦੇ 478 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਹੁਣ ਤਕ ਸਭ ਤੋਂ ਵਧੇਰੇ ਹੈ। ਸਰਕਾਰੀ ਅਧਿਕਾਰੀਆਂ ਮੁਤਾਬਕ ਦਿੱਲੀ ਸਥਿਤ ਨਿਜ਼ਾਮੂਦੀਨ ਦੇ ਮਰਕਜ਼ 'ਚ 'ਤਬਲੀਗੀ ਜਮਾਤ' ਦੇ ਪ੍ਰੋਗਰਾਮ ਨਾਲ ਜੁੜੇ ਲੋਕਾਂ ਕਾਰਨ ਇਹ ਗਿਣਤੀ ਵਧੀ ਹੈ, ਜਿਸ 'ਚ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਸਿਹਤ ਮੰਤਰਾਲਾ ਨੇ ਦੱਸਿਆ ਕਿ ਦਿੱਲੀ ਵਿਚ ਜਮਾਤ ਦੇ ਧਾਰਮਿਕ ਪ੍ਰੋਗਰਾਮ 'ਚ ਹਿੱਸਾ ਲੈਣ ਵਾਲੇ ਲੋਕਾਂ 'ਚ ਹੁਣ ਤਕ 647 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਵਾਇਰਸ ਫੈਲਣ ਤੋਂ ਰੋਕਣ ਲਈ ਸਰਕਾਰ ਨੇ ਕੋਸ਼ਿਸ਼ਾਂ ਨੂੰ ਤੇਜ਼ ਕਰਦੇ ਹੋਏ ਵੱਖਰੇ ਵਾਰਡ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਵਾਲੇ ਇਲਾਕਿਆਂ 'ਚ ਤੁਰੰਤ ਜਾਂਚ ਸ਼ੁਰੂ ਕੀਤੀ ਗਈ ਹੈ।


Tanu

Content Editor

Related News