ਇਕ ਦਿਨ 'ਚ ਕੋਰੋਨਾ ਦੇ ਰਿਕਾਰਡ 86 ਹਜ਼ਾਰ ਤੋਂ ਵੱਧ ਮਾਮਲੇ, ਪੀੜਤਾਂ ਦਾ ਅੰਕੜਾ 40 ਲੱਖ ਦੇ ਪਾਰ

Saturday, Sep 05, 2020 - 12:37 PM (IST)

ਇਕ ਦਿਨ 'ਚ ਕੋਰੋਨਾ ਦੇ ਰਿਕਾਰਡ 86 ਹਜ਼ਾਰ ਤੋਂ ਵੱਧ ਮਾਮਲੇ, ਪੀੜਤਾਂ ਦਾ ਅੰਕੜਾ 40 ਲੱਖ ਦੇ ਪਾਰ

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੀ ਗਿਣਤੀ 'ਚ ਦਿਨੋਂ-ਦਿਨ ਹੋ ਰਹੇ ਵਾਧੇ ਦਰਮਿਆਨ ਪਿਛਲੇ 24 ਘੰਟਿਆਂ ਦੌਰਾਨ ਪਹਿਲੀ ਵਾਰ ਇਨਫੈਕਸ਼ਨ ਦੇ 86 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ। ਹਾਲਾਂਕਿ ਰਾਹਤ ਭਰੀ ਖ਼ਬਰ ਇਹ ਹੈ ਕਿ ਇਸ ਦੌਰਾਨ 70 ਹਜ਼ਾਰ ਤੋਂ ਵੱਧ ਲੋਕ ਸਿਹਤਯਾਬ ਹੋਣ ਕਾਰਨ ਸਰਗਰਮ ਮਾਮਲੇ 21.04 ਫੀਸਦੀ 'ਤੇ ਆ ਗਏ। ਭਾਰਤ 'ਚ ਸਿਰਫ਼ 13 ਦਿਨਾਂ 'ਚ ਕੋਵਿਡ-19 ਮਰੀਜ਼ਾਂ ਦੀ ਗਿਣਤੀ 30 ਲੱਖ ਤੋਂ 40 ਲੱਖ ਦੇ ਪਾਰ ਪਹੁੰਚ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਵਲੋਂ ਸ਼ਨੀਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਇਨਫੈਕਸ਼ਨ ਦੇ ਰਿਕਾਰਡ 86,432 ਨਵੇਂ ਮਾਮਲਿਆਂ ਨਾਲ ਪੀੜਤਾਂ ਦੀ ਗਿਣਤੀ 40,23,179 ਹੋ ਗਈ ਹੈ। 

ਦੇਸ਼ 'ਚ ਪਿਛਲੇ 3 ਦਿਨਾਂ ਤੋਂ ਲਗਾਤਾਰ ਪੀੜਤਾਂ ਦੀ ਗਿਣਤੀ 83 ਹਜ਼ਾਰ ਤੋਂ ਉੱਪਰ ਰਹੀ ਹੈ। ਬੁੱਧਵਾਰ ਨੂੰ ਇਨਫੈਕਸ਼ਨ ਦੇ 83,883 ਅਤੇ ਵੀਰਵਾਰ ਨੂੰ 83,341 ਮਾਮਲੇ ਸਾਹਮਣੇ ਆਏ। ਉੱਥੇ ਹੀ ਪਿਛਲੇ 24 ਘੰਟਿਆਂ ਦੌਰਾਨ 70,072 ਮਰੀਜ਼ ਸਿਹਤਯਾਬ ਹੋਏ ਹਨ, ਜਿਸ ਨਾਲ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 31,07,223 ਹੋ ਗਈ ਹੈ। ਦੇਸ਼ 'ਚ ਸਿਰਫ਼ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਇਸ ਦੌਰਾਨ ਮਰੀਜ਼ਾਂ ਦੀ ਗਿਣਤੀ ਘੱਟ ਹੋਈ ਹੈ। ਇਸ ਮਿਆਦ 'ਚ 1,087 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 69,561 ਹੋ ਗਈ ਹੈ।

ਦੇਸ਼ 'ਚ ਸਰਗਰਮ ਮਾਮਲੇ 21.04 ਫੀਸਦੀ ਅਤੇ ਠੀਕ ਹੋਣ ਵਾਲਿਆਂ ਦੀ ਦਰ 77.23 ਫੀਸਦੀ ਹੈ, ਜਦੋਂ ਕਿ ਮੌਤ ਦਰ 1.73 ਫੀਸਦੀ ਹੈ। ਕੋਵਿਡ-19 ਨਾਲ ਸਭ ਤੋਂ ਵੱਧ ਗੰਭੀਰ ਰੂਪ ਨਾਲ ਪ੍ਰਭਾਵਿਤ ਮਹਾਰਾਸ਼ਟਰ 'ਚ ਸਰਗਰਮ ਮਾਮਲਿਆਂ ਦੀ ਗਿਣਤੀ 5,551 ਵੱਧ ਕੇ 2,11,325 ਹੋ ਗਈ ਅਤੇ 378 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 25,964 ਹੋ ਗਿਆ। ਇਸ ਦੌਰਾਨ 13,289 ਲੋਕ ਇਨਫੈਕਸ਼ਨ ਮੁਕਤ ਹੋਏ, ਜਿਸ ਨਾਲ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ ਵੱਧ ਕੇ 6,25,773 ਹੋ ਗਈ। ਦੇਸ਼ 'ਚ ਸਭ ਤੋਂ ਵੱਧ ਸਰਗਰਮ ਮਾਮਲੇ ਇਸ ਸੂਬੇ 'ਚ ਹਨ।


author

DIsha

Content Editor

Related News