ਕੌਂਸਲਰ ਰਸ਼ਪਾਲ ਦੇ ਕਾਤਲਾਂ ਨੂੰ ਉਮਰ ਕੈਦ

10/07/2017 10:34:55 PM

ਸਿਰਸਾ, (ਯੂ. ਐੱਨ. ਆਈ.)- ਹਰਿਆਣਾ 'ਚ ਸਿਰਸਾ ਦੇ ਕਸਬਾ ਏਲਨਾਬਾਦ ਦੇ ਨਗਰ ਨਿਗਮ ਕੌਂਸਲਰ ਰਸ਼ਪਾਲ ਸਿੰਘ ਦੀ ਹੱਤਿਆ ਦੇ ਦੋਸ਼ ਵਿਚ ਅੱਜ ਸਿਰਸਾ ਦੇ ਵਧੀਕ ਜ਼ਿਲਾ ਅਤੇ ਸੈਸ਼ਨ ਕੋਰਟ ਨੇ ਹੱਤਿਆ ਕਾਂਡ ਦੇ ਛੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ 26-26 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਨਾ ਦੇਣ 'ਤੇ 1 ਸਾਲ ਦੀ ਸਜ਼ਾ ਹੋਰ ਭੁਗਤਣੀ ਭਵੇਗੀ। ਸਿਰਸਾ ਅਦਾਲਤ ਦੇ ਫੈਸਲੇ ਨੂੰ ਸੁਨਣ ਲਈ ਦੋਵਾਂ ਪੱਖਾਂ ਦੇ ਸੈਂਕੜੇ ਲੋਕ ਅਦਾਲਤ ਵਿਚ ਮੌਜੂਦ ਸਨ। ਦੁਪਹਿਰ ਬਾਅਦ ਜਸਟਿਸ ਜਗਭੁਸ਼ਣ ਗੁਪਤਾ ਨੇ ਹੱਤਿਆ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਮਾਮਲੇ ਦੀ ਸੁਣਵਾਈ ਅਦਾਲਤ 'ਚ ਕਰੀਬ ਪੰਜ ਸਾਲ ਚੱਲੀ। ਦੱਸਿਆ ਜਾ ਰਿਹਾ ਹੈ ਕਿ ਪਿੰਡ ਭੁਰਟਵਾਲਾ ਦਾ ਅਮਰੀਕ ਸਿੰਘ ਅਤੇ ਉਸ ਦੇ ਸਾਥੀ ਏਲਨਾਬਾਦ ਵਿਚ ਗੁਰਦੁਆਰਾ ਬਣਾਉਣਾ ਚਾਹੁੰਦੇ ਸੀ। 23, ਨਵੰਬਰ 2012 ਨੂੰ ਕੌਂਸਲਰ ਮੋਟਰਸਾਈਕਲ 'ਤੇ ਆਪਣੀ ਪਤਨੀ ਨਾਲ ਬਾਜ਼ਾਰ ਤੋਂ ਵਾਪਸ ਆ ਰਿਹਾ ਸੀ, ਰਸਤੇ 'ਚ ਅਮਰੀਕ ਸਿੰਘ, ਹੁਸ਼ਿਆਰ ਸਿੰਘ, ਸੁਰਜੀਤ ਸਿੰਘ ਅਤੇ ਨਿਸ਼ਾਨ ਸਿੰਘ ਨੇ ਰਛਪਾਲ ਸਿੰਘ 'ਤੇ ਜਾਨਲੇਵਾ ਹਮਲਾ ਕੀਤਾ। ਪਤਨੀ ਨੇ ਆਪਣੇ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀਆਂ ਨੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਗੰਭੀਰ ਹਾਲਤ ਵਿਚ ਉਸ ਨੂੰ ਸਿਰਸਾ ਦੇ ਸਿਵਲ ਹਸਪਤਾਲ 'ਚ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਏਲਨਾਬਾਦ ਪੁਲਸ ਨੇ ਅਮਰੀਕ ਸਿੰਘ, ਹੁਸ਼ਿਆਰ ਸਿੰਘ, ਸੁਰਜੀਤ ਸਿੰਘ, ਅਤੇ ਨਿਸ਼ਾਨ ਸਿੰਘ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਅਦਾਲਤ ਨੇ ਅੱਜ ਦੋਵਾਂ ਪੱਖਾਂ ਦੀ ਸੁਣਵਾਈ ਦੇ ਬਾਅਦ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ 26-26 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ।


Related News