ਬੱਚੀਆਂ ਦੇ ਕਾਤਲਾਂ ਨੂੰ ਸਖਤ ਸਜ਼ਾ ਮਿਲੇ

Wednesday, Jun 26, 2024 - 05:32 PM (IST)

ਬੱਚੀਆਂ ਦੇ ਕਾਤਲਾਂ ਨੂੰ ਸਖਤ ਸਜ਼ਾ ਮਿਲੇ

ਲੜਕੀ ਪੂਜਾ ਰੋਹਤਕ ਹਰਿਆਣਾ ਦੀ ਰਹਿਣ ਵਾਲੀ ਸੀ। ਬੀ. ਐੱਸ. ਸੀ. ਤੱਕ ਪੜ੍ਹੀ ਸੀ। ਉਸ ਦਾ ਵਿਆਹ 2022 ’ਚ ਦਿੱਲੀ ਦੇ ਪੁੰਠਕਲਾ ’ਚ ਹੋਇਆ ਸੀ। ਉਸ ਦੇ ਘਰ ਵਾਲਿਆਂ ਦਾ ਕਹਿਣਾ ਹੈ ਕਿ ਵਿਆਹ ’ਚ 30 ਲੱਖ ਤੋਂ ਵੱਧ ਖਰਚਾ ਹੋਇਆ ਸੀ। ਗਹਿਣੇ ਅਲੱਗ ਤੋਂ ਦਿੱਤੇ ਗਏ ਸੀ ਪਰ ਸਹੁਰਿਆਂ ਵਾਲੇ ਉਸ ਨੂੰ ਕਹਿੰਦੇ ਸਨ ਕਿ ਪੇਕਿਆਂ ਤੋਂ 5 ਲੱਖ ਰੁਪਏ ਹੋਰ ਲਿਆਵੇ, ਕਾਰ ਖਰੀਦਣੀ ਹੈ। ਲੜਕੀ ਦੇ ਮਨ੍ਹਾ ਕਰਨ ’ਤੇ ਕੁੱਟ-ਮਾਰ ਕੀਤੀ ਜਾਂਦੀ ਸੀ। ਉਸ ਦਾ ਇਹ ਕਹਿ ਕੇ ਵੀ ਮਜ਼ਾਕ ਉਡਾਇਆ ਜਾਂਦਾ ਸੀ ਕਿ ਉਸ ਦੇ ਕੋਈ ਬੱਚਾ ਨਹੀਂ ਹੈ ਜਦਕਿ ਵਿਆਹ ਨੂੰ 2 ਸਾਲ ਹੀ ਹੋਏ ਸਨ।

ਹਾਲ ਹੀ ’ਚ ਪੂਜਾ ਨੇ ਆਪਣੇ ਪੇਕੇ ਰੋਹਤਕ ’ਚ ਦੋ ਬੱਚੀਆਂ ਨੂੰ ਜਨਮ ਦਿੱਤਾ। ਲੜਕੀਆਂ ਪੈਦਾ ਹੋਈਆਂ ਹਨ, ਲੜਕਾ ਨਹੀਂ। ਇਸ ਗੱਲ ਤੋਂ ਸਹੁਰੇ ਵਾਲੇ ਬਹੁਤ ਨਾਰਾਜ਼ ਹੋਏ। ਜਦ ਪੂਜਾ ਦੀ ਹਸਪਤਾਲ ਤੋਂ ਛੁੱਟੀ ਹੋਈ ਤਾਂ ਪੂਜਾ ਦੇ ਪਤੀ ਨੀਰਜ ਨੇ ਉਸ ਦੇ ਭਰਾ ਨੂੰ ਕਿਹਾ ਕਿ ਬੱਚੀਆਂ ਨੂੰ ਉਸ ਨੂੰ ਦੇ ਦਿਓ। ਉਸ ਦੇ ਨਾਲ ਕਾਰ ’ਚ ਉਸ ਦੀ ਮਾਂ ਅਤੇ ਰਿਸ਼ਤੇਦਾਰ ਵੀ ਸਨ। ਪੂਜਾ ਅਤੇ ਉਸ ਦੇ ਪਰਿਵਾਰ ਵਾਲੇ ਦੂਜੀ ਕਾਰ ’ਚ ਸੀ। ਵਿਚਾਲੇ ਨੀਰਜ ਕਿਤੇ ਗਾਇਬ ਹੋ ਗਿਆ। ਉਸ ਦੀ ਕਾਰ ਕਿਤੇ ਦਿਖਾਈ ਹੀ ਨਹੀਂ ਦਿੱਤੀ। ਪੂਜਾ ਅਤੇ ਉਸ ਦੇ ਘਰ ਵਾਲੇ ਲਗਾਤਾਰ ਉਸ ਨੂੰ ਫੋਨ ਕਰਦੇ ਰਹੇ ਪਰ ਉਸ ਨੇ ਫੋਨ ਨਹੀਂ ਚੁੱਕਿਆ। ਅਗਲੇ ਦਿਨ ਪੂਜਾ ਦੇ ਘਰ ਵਾਲਿਆਂ ਨੇ ਉਸ ਔਰਤ ਨੂੰ ਫੋਨ ਕੀਤਾ ਜਿਸ ਨੇ ਰਿਸ਼ਤਾ ਕਰਾਇਆ ਸੀ। ਉਹ ਔਰਤ ਪੂਜਾ ਦੇ ਪਤੀ ਦੇ ਘਰ ਗਈ ਉੱਥੇ ਉਸ ਨੂੰ ਕੋਈ ਨਹੀਂ ਮਿਲਿਆ। ਗੁਆਂਢੀ ਨੇ ਕਿਹਾ ਕਿ ਬੱਚੀਆਂ ਨੂੰ ਦੱਬ ਦਿੱਤਾ ਗਿਆ ਹੈ। ਪੂਜਾ ਦੇ ਘਰ ਵਾਲਿਆਂ ਨੇ ਰੋਹਤਕ ਪੁਲਸ ਸਟੇਸ਼ਨ ’ਚ ਜਾ ਕੇ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਮਾਮਲਾ ਦਿੱਲੀ ਦਾ ਹੈ ਇਸ ਲਈ ਉੱਥੇ ਸ਼ਿਕਾਇਤ ਕਰਨ।

ਸ਼ਿਕਾਇਤ ਕਰਨ ’ਤੇ ਦਿੱਲੀ ਪੁਲਸ ਨੇ ਤੁਰੰਤ ਕਾਰਵਾਈ ਕੀਤੀ ਤੇ ਬੱਚੀਆਂ ਦੀਆਂ ਲਾਸ਼ਾਂ ਨੂੰ ਲੱਭ ਲਿਆ। ਲਾਸ਼ਾਂ ’ਤੇ ਕੀੜੇ ਚੱਲ ਰਹੇ ਸਨ। ਪੂਜਾ ਅਤੇ ਉਸ ਦੇ ਪਰਿਵਾਰ ਵਾਲਿਆਂ ਲਈ ਇਹ ਦਰਦਨਾਕ ਦ੍ਰਿਸ਼ ਸੀ। ਲੜਕੀਆਂ ਦੇ ਪੈਦਾ ਹੋਣ ਦੀ ਗੱਲ ਸੁਣ ਕੇ ਸਹੁਰੇ ਵਾਲੇ ਬਹੁਤ ਨਾਰਾਜ਼ ਸਨ ਪਰ ਪੂਜਾ ਅਤੇ ਉਸ ਦੇ ਪਰਿਵਾਰ ਉਨ੍ਹਾਂ ਦਾ ਇਰਾਦਾ ਨਹੀਂ ਸਮਝ ਸਕੇ ਕਿ ਉਹ ਬੱਚੀਆਂ ਨੂੰ ਆਪਣੇ ਨਾਲ ਇਸ ਲਈ ਲਿਜਾ ਰਹੇ ਹਨ ਕਿ ਉਨ੍ਹਾਂ ਨੂੰ ਮਾਰ ਦੇਣਗੇ। ਪੁਲਸ ਤੋਂ ਉਮੀਦ ਹੈ ਕਿ ਅਪਰਾਧੀਆਂ ਨੂੰ ਸਖਤ ਸਜ਼ਾ ਦੇਣ ਪਰ ਅਫਸੋਸ ਹੈ ਕਿ ਉਹ ਨੰਨ੍ਹੀਆਂ  ਬੱਚੀਆਂ ਹੁਣ ਕਦੀ ਨਹੀਂ ਮੁੜਨਗੀਆਂ। ਉਨ੍ਹਾਂ ਨੂੰ ਪੈਦਾ ਹੁੰਦਿਆਂ ਹੀ ਜ਼ਾਲਮਾਨਾ ਢੰਗ ਨਾਲ ਦੁਨੀਆ ਤੋਂ ਵਿਦਾ ਕਰ ਦਿੱਤਾ ਗਿਆ ਤੇ ਉਹ ਵੀ ਆਪਣੇ ਪਿਤਾ ਤੇ ਉਸ ਦੇ ਰਿਸ਼ਤੇਦਾਰਾਂ ਵੱਲੋਂ।

ਅਜਿਹੀਆਂ ਘਟਨਾਵਾਂ ਹਰ ਰੋਜ਼ ਆਪਣੇ ਦੇਸ਼ ’ਚ ਹੁੰਦੀਆਂ ਹਨ। ਹਾਲ ਹੀ ’ਚ ਇਕ ਪਿਤਾ ਨੇ ਭਰਾ ਨਾਲ ਲੜਨ ਦੇ ਅਪਰਾਧ ’ਚ ਆਪਣੀ ਦੋ ਸਾਲ ਦੀ ਬੱਚੀ ਨੂੰ ਨਹਿਰ ’ਚ ਸੁੱਟ ਕੇ ਮਾਰ ਦਿੱਤਾ। ਦੂਜੀ ਘਟਨਾ ’ਚ ਇਕ ਪਿਤਾ ਨੂੰ ਸ਼ੱਕ ਸੀ ਕਿ ਉਸ ਦੀ ਛੋਟੀ ਬੱਚੀ ਟ੍ਰਾਂਸਜੈਂਡਰ ਹੈ, ਤਾਂ ਉਸ ਨੇ ਵੀ ਉਸ ਨੂੰ ਨਹਿਰ ’ਚ ਸੁੱਟ ਦਿੱਤਾ। ਭਰੂਣ ਹੱਤਿਆ ਤੋਂ ਲੈ ਕੇ ਬੱਚੀਆਂ ਦੀ ਹੱਤਿਆ ਤੱਕ ਲਈ ਸਾਡੇ ਦੇਸ਼ ’ਚ ਇੰਨੇ ਸਖਤ ਕਾਨੂੰਨ ਹਨ ਪਰ ਉਹ ਰੁਕਦੇ ਨਹੀਂ।

ਸੰਨ 2001 ’ਚ 6 ਸਾਲ ਤੱਕ ਦੀਆਂ ਬੱਚੀਆਂ ਦੀ ਗਿਣਤੀ 7 ਕਰੋੜ 88 ਲੱਖ ਸੀ ਜੋ 10 ਸਾਲ ਬਾਅਦ 2011 ’ਚ ਘਟ ਕੇ 7 ਕਰੋੜ 58 ਲੱਖ ਰਹਿ ਗਈ। ਬੱਚੀਆਂ ਨੂੰ ਮਾਰਨ ’ਚ ਅਸੀਂ ਖੁਦ ਨੂੰ ਕਿੰਨੇ ਤਾਕਤਵਰ ਸਮਝਦੇ ਹਾਂ। ਉਂਝ ਅਸੀਂ ਕੰਜਕ ਪੂਜਕ ਦੇਸ਼ ਹਾਂ। ਪਾਪੂਲੇਸ਼ਨ ਰਿਸਰਚ ਇੰਸਟੀਟਿਊਟ ਦੀ ਰਿਸਰਚ ਅਨੁਸਾਰ 12 ਕਰੋੜ 7 ਲੱਖ 71 ਹਜ਼ਾਰ, 43 ਗਰਭਪਾਤ 2000 ਤੋਂ 2014 ਤੱਕ ਹੋਏ। ਇਹ ਸਾਰੇ ਲੜਕੀਆਂ ਦੇ ਗਰਭ ’ਚ ਹੋਣ ਦੇ ਕਾਰਨ ਕੀਤੇ ਗਏ। ਏਸ਼ੀਅਨ ਸੈਂਟਰ ਆਫ ਹਿਊਮਨ ਰਾਈਟਸ ਨੇ 2016 ’ਚ ਇਕ ਰਿਪੋਰਟ ਤਿਆਰ ਕੀਤੀ ਸੀ। ਉਸ ’ਚ ਦੱਸਿਆ ਗਿਆ ਸੀ ਕਿ ਲੜਕੀਆਂ ਦੀ ਭਰੂਣ ਹੱਤਿਆ ਦਾ ਵੱਡਾ ਕਾਰਨ ਲੜਕੀਆਂ ਦੇ ਮੁਕਾਬਲੇ ਲੜਕਿਆਂ ਨੂੰ ਪਹਿਲ ਦੇਣਾ ਹੈ।

ਅਨਾਥ ਆਸ਼ਰਮਾਂ ’ਚ ਵੀ ਜਾਓ ਤਾਂ ਉੱਥੇ ਲੜਕੀਆਂ ਵੱਡੀ ਗਿਣਤੀ ’ਚ ਮਿਲਦੀਆਂ ਹਨ। ਸਵ. ਜੈ ਲਲਿਤਾ ਜਦ ਤਾਮਿਲਨਾਡੂ ਦੀ ਮੁੱਖ ਮੰਤਰੀ ਪਹਿਲੀ ਵਾਰ ਬਣੀ ਸੀ ਤਾਂ ਉਨ੍ਹਾਂ ਨੇ ਜਗ੍ਹਾ-ਜਗ੍ਹਾ ਪਾਲਣਾ ਕੇਂਦਰ ਖੋਲ੍ਹੇ ਸਨ ਅਤੇ ਮਾਤਾ-ਪਿਤਾ ਨੂੰ ਅਪੀਲ ਕੀਤੀ ਸੀ ਕਿ ਆਪਣੀਆਂ ਲੜਕੀਆਂ ਨੂੰ ਮਾਰੋ ਨਾ, ਸਾਨੂੰ ਦੇ ਦਿਓ। ਇਸ ਤਰ੍ਹਾਂ ਉਨ੍ਹਾਂ ਨੇ ਆਪਣੀਆਂ ਹੀ ਬੱਚੀਆਂ ਨੂੰ ਮਾਰਨ ਵਾਲੇ ਮਾਤਾ-ਪਿਤਾਵਾਂ ਤੋਂ ਪਤਾ ਨਹੀਂ ਕਿੰਨੀਆਂ ਬੱਚੀਆਂ ਦੀ ਜਾਨ ਬਚਾਈ ਸੀ। ਭਰੂਣ ਹੱਤਿਆ ਇਕ ਗੰਭੀਰ ਅਪਰਾਧ ਹੈ ਪਰ ਅਕਸਰ ਉਸ ਦੀ ਰਿਪੋਰਟ ਨਹੀਂ ਕੀਤੀ ਜਾਂਦੀ। ਇਸ ’ਤੇ ਰੋਕ ਹੋਣ ਦੇ ਬਾਵਜੂਦ ਚੋਰੀ ਛਿਪੇ ਇਸ ਨੂੰ ਖੂਬ ਅੰਜਾਮ ਦਿੱਤਾ ਜਾਂਦਾ ਹੈ।

ਕੀ ਇਸੇ ਨੂੰ ਤਰੱਕੀ ਅਤੇ ਵਿਕਾਸ ਕਹਿੰਦੇ ਹਨ। ‘ਬੇਟੀ ਪੜ੍ਹਾਓ, ਬੇਟੀ ਬਚਾਓ’ ਤੋਂ ਅਸੀਂ ਇਹੀ ਸਿੱਖਿਆ ਹੈ। ਆਖਿਰ ਉਨ੍ਹਾਂ 2 ਛੋਟੀਆਂ ਬੱਚੀਆਂ ਦਾ ਕੀ ਕਸੂਰ ਸੀ ਕਿ ਉਨ੍ਹਾਂ ਨੂੰ ਪੈਦਾ ਹੁੰਦਿਆਂ ਹੀ ਮੌਤ ਦੀ ਨੀਂਹ ਸੁਲਾ ਦਿੱਤਾ ਗਿਆ ਤੇ ਸਿਰਫ ਉਹ 2 ਹੀ ਕਿਉਂ ਲੱਖਾਂ ਕੁੜੀਆਂ ਪੈਦਾ ਹੋਣ ਤੋਂ ਪਹਿਲਾਂ ਹੀ ਮਾਰ ਦਿੱਤੀਆਂ ਗਈਆਂ। ਮਾਂ ਨੂੰ ਪੂਜੋ ਅਤੇ ਜੋ ਮਾਂ ਬਣਦੀ ਹੈ ਉਸ ਨੂੰ ਪੈਦਾ ਹੋਣ ਤੋਂ ਪਹਿਲਾਂ ਜਾਂ ਪੈਦਾ ਹੁੰਦਿਆਂ ਹੀ ਮੌਤ ਦੀ ਨੀਂਦ ਸੁਆ ਦਿਓ। ਇਕ ਪਾਸੇ ਸੰਸਦ ਅਤੇ ਸਿਆਸਤ ’ਚ ਔਰਤਾਂ ਨੂੰ ਰਾਖਵਾਂਕਰਨ ਦਿੱਤਾ ਜਾ ਰਿਹਾ ਹੈ, ਦੂਜੇ ਪਾਸੇ ਇੰਨੀ ਵੱਡੀ ਗਿਣਤੀ ’ਚ ਲੜਕੀਆਂ ਦੀ ਹੱਤਿਆ ਕੀਤੀ ਜਾ ਰਹੀ ਹੈ। ਉਹ ਦ੍ਰਿਸ਼ ਤੋਂ ਗਾਇਬ ਹੋ ਰਹੀਆਂ ਹਨ ਅਤੇ ਸਾਨੂੰ ਜ਼ਰਾ ਵੀ ਸ਼ਰਮ ਨਹੀਂ ਆਉਂਦੀ।

ਸ਼ਮਾ ਸ਼ਰਮਾ


author

Tanu

Content Editor

Related News