ਆਜ਼ਾਦ ਉਮੀਦਵਾਰ ਕੋਲੋਂ ਹਾਰੇ ਜੰਮੂ ਕਸ਼ਮੀਰ ਦੇ ਸਾਬਕਾ CM ਉਮਰ ਅਬਦੁੱਲਾ

06/04/2024 11:30:40 PM

ਜੰਮੂ- ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ (ਨੇਕਾਂ) ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਬਾਰਾਮੂਲਾ ਸੀਟ ਤੋਂ ਹਾਰ ਗਏ ਹਨ। ਉਨ੍ਹਾਂ ਨੂੰ ਆਜ਼ਾਦ ਉਮੀਦਵਾਰ ਵਲੋਂ ਹਾਰ ਦਾ ਸਾਹਮਣਾ ਕਰਨਾ ਪਿਆ। ਆਜ਼ਾਦ ਉਮੀਦਵਾਰ ਰਾਸ਼ਿਦ ਇੰਜੀਨੀਅਰ ਨੇ ਵੱਡੇ ਵੋਟ ਅੰਤਰ ਨਾਲ ਜਿੱਤ ਹਾਸਲ ਕੀਤੀ ਹੈ। ਰਾਸ਼ਿਦ ਨੂੰ 354679 ਵੋਟਾਂ ਹਾਸਲ ਹੋਈਆਂ ਅਤੇ ਉੱਥੇ ਹੀ ਉਮਰ ਨੂੰ 194597 ਵੋਟਾਂ ਹੀ ਪ੍ਰਾਪਤ ਹੋਈਆਂ। ਹਾਲਾਂਕਿ ਚੋਣ ਨਤੀਜੇ ਆਉਣ ਤੋਂ ਪਹਿਲਾਂ ਹੀ ਉਮਰ ਅਬਦੁੱਲਾ ਨੇ ਆਪਣੀ ਹਾਰ ਸਵੀਕਾਰ ਕਰ ਲਈ ਸੀ। ਉਮਰ ਨੇ ਕਿਹਾ ਕਿ ਹਾਰ ਸਵੀਕਾਰ ਕਰਨ ਦਾ ਸਮਾਂ ਹੈ। ਇੰਜੀਨੀਅਰ ਰਾਸ਼ੀਦ ਨੂੰ ਉੱਤਰੀ ਕਸ਼ਮੀਰ 'ਚ ਉਨ੍ਹਾਂ ਦੀ ਜਿੱਤ 'ਤੇ ਵਧਾਈ।'' 

ਕੌਣ ਹਨ ਇੰਜੀਨੀਅਰ ਰਾਸ਼ੀਦ

ਹੰਦਵਾੜਾ ਦੇ ਲੰਗੇਟ 'ਚ ਜਨਮੇ ਇੰਜੀਨੀਅਰ ਰਾਸ਼ਿਦ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ 5 ਅਗਸਤ 2019 ਨੂੰ ਪ੍ਰਦੇਸ਼ ਨਾਲ ਸੰਬੰਧਤ ਸੰਵਿਧਾਨ ਦੀ ਧਾਰਾ 370 ਖ਼ਤਮ ਕੀਤੇ ਜਾਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਉੱਤਰ ਕਸ਼ਮੀਰ ਤੋਂ ਆਜ਼ਾਦ ਚੁਣੇ ਗਏ ਵਿਧਾਇਕ ਇੰਜੀਨੀਅਰ ਰਾਸ਼ਿਦ ਦੀ ਗ੍ਰਿਫ਼ਤਾਰੀ ਧਾਰਾ 370 ਹਟਣ ਤੋਂ ਬਾਅਦ ਐੱਨ.ਆਈ.ਏ. ਵਲੋਂ ਕੀਤੀ ਗਈ ਕਿਸੇ ਸਰਗਰਮ ਨੇਤਾ ਅਤੇ ਵਿਧਾਇਕ ਦੀ ਪਹਿਲੀ ਗ੍ਰਿਫ਼ਤਾਰੀ ਸੀ। ਐੱਨ.ਆਈ.ਏ. ਨੇ ਜੰਮੂ ਕਸ਼ਮੀਰ ਆਵਾਮੀ ਇਤਿਹਾਦ ਪਾਰਟੀ ਦੇ ਮੁਖੀ ਇੰਜੀਨੀਅਰ ਰਾਸ਼ਿਦ ਨੂੰ ਅੱਤਵਾਦ ਵਿੱਤ ਪੋਸ਼ਣ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਕਸ਼ਮੀਰ 'ਚ ਵੱਖਵਾਦ ਨੂੰ ਉਤਸ਼ਾਹ ਦੇਣ ਲਈ ਪਾਕਿਸਤਾਨ 'ਚ ਰਹਿ ਰਹੇ ਲਸ਼ਕਰ ਏ ਤੋਇਬਾ ਸਈਅਦ ਤੋਂ ਪੈਸੇ ਲੈ ਕੇ ਇੰਜੀਨੀਅਰ ਰਾਸ਼ਿਦ ਨੇ ਘਾਟੀ 'ਚ ਗੜਬੜੀ ਫੈਲਾਉਣ ਦਾ ਕੰਮ ਕੀਤਾ। ਐੱਨ.ਆਈ.ਏ. ਨੇ ਇੰਜੀਨੀਅਰ ਰਾਸ਼ਿਦ ਖ਼ਿਲਾਫ਼ ਪੂਰੇ ਸਬੂਤ ਹੋਣ ਦਾ ਦਾਅਵਾ ਕੀਤਾ ਸੀ। ਹੰਦਵਾੜਾ 'ਚ ਲੰਗੇਟ ਤੋਂ  ਵਿਧਾਇਕ ਇੰਜੀਨੀਅਰ ਰਾਸ਼ਿਦ ਕਸ਼ਮੀਰ ਦੇ ਦਿੱਗਜ ਨੇਤਾਵਾਂ 'ਚੋਂ ਹਨ। 

2008 'ਚ ਸਰਗਰਮ ਰਾਜਨੀਤੀ 'ਚ ਉਤਰੇ

ਉਹ 2008 'ਚ ਸਰਗਰਮ ਰਾਜਨੀਤੀ 'ਚ ਉਤਰੇ ਅਤੇ ਅਤੇ ਪਹਿਲੀ ਹੀ ਵਾਰ 'ਚ ਉਨ੍ਹਾਂ ਨੇ ਨੈਸ਼ਨਲ ਕਾਨਫਰੰਸ ਦੇ ਵੱਡੇ ਨੇਤਾ ਸ਼ਰੀਫ ਦਿਨ ਸ਼ਰੀਕ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੇ ਨੇਤਾ ਮੁਹੰਮਦ ਸੁਲਤਾਨ ਨੂੰ ਹਰਾਇਆ ਸੀ। ਇਸ ਤੋਂ ਬਾਅਦ 2014 'ਚ ਉਹ ਇਕ ਵਾਰ ਫਿਰ ਇਸੇ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤੇ। ਇੰਜੀਨੀਅਰ ਰਸ਼ੀਦ ਨੇ ਸਰਕਾਰੀ ਡਿਗਰੀ ਕਾਲਜ ਸੋਪੋਰ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ 1991 'ਚ ਸਰਕਾਰੀ ਪੋਲੀਟੈਕਨਿਕ ਕਾਲਜ ਤੋਂ ਇੰਜਨੀਅਰਿੰਗ ਦਾ ਤਿੰਨ ਸਾਲਾ ਡਿਪਲੋਮਾ ਕੋਰਸ ਕੀਤਾ ਹੈ। ਉਹ ਜੰਮੂ ਅਤੇ ਕਸ਼ਮੀਰ ਕੰਸਟ੍ਰਕਸ਼ਨ ਕਾਰਪੋਰੇਸ਼ਨ 'ਚ ਜੂਨੀਅਰ ਇੰਜੀਨੀਅਰ ਵਜੋਂ ਕੰਮ ਕਰ ਚੁੱਕੇ ਹਨ। ਇਸ ਸਮੇਂ ਦੌਰਾਨ ਉਨ੍ਹਾਂ ਦਾ ਅਕਸ ਇਕ ਇਮਾਨਦਾਰ ਇੰਜੀਨੀਅਰ ਵਰਗਾ ਸੀ। ਫਿਲਹਾਲ ਇੰਜੀਨੀਅਰ ਰਸ਼ੀਦ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਹਨ। 2005 ਵਿਚ ਇੰਜੀਨੀਅਰ ਰਾਸ਼ਿਦ ਨੂੰ ਸਪੈਸ਼ਲ ਆਪਰੇਸ਼ਨ ਗਰੁੱਪ (SOG) ਨੇ ਇਕ ਅੱਤਵਾਦੀ ਨੂੰ ਸਮਰਥਨ ਦੇਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ 'ਤੇ ਦੇਸ਼ਧ੍ਰੋਹੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼ ਸੀ। ਬਾਅਦ ਵਿਚ ਸ਼੍ਰੀਨਗਰ ਦੀ ਅਦਾਲਤ ਨੇ ਉਨ੍ਹਾਂ ਨੂੰ ਮਨੁੱਖੀ ਆਧਾਰ 'ਤੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ।


Rakesh

Content Editor

Related News