ਦੁਨੀਆ ਭਰ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 75 ਲੱਖ ਦੇ ਪਾਰ, 4.20 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ

Friday, Jun 12, 2020 - 10:52 AM (IST)

ਦੁਨੀਆ ਭਰ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 75 ਲੱਖ ਦੇ ਪਾਰ, 4.20 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ

ਨਵੀਂ ਦਿੱਲੀ : ਮਹਾਮਾਰੀ ਕੋਰੋਨਾ ਵਾਇਰਸ ਨਾਲ ਦੁਨੀਆ ਭਰ ਵਿਚ ਹੁਣ ਤੱਕ 75.02 ਲੱਖ ਲੋਕ ਪੀੜਤ ਹੋ ਚੁੱਕੇ ਹਨ ਅਤੇ 4 ਲੱਖ 20 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਇਸ ਜਾਨਲੇਵਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਅਮਰੀਕਾ ਦੀ ਜਾਨਸ ਹਾਪਕਿੰਸ ਯੂਨੀਵਰਸਿਟੀ ਦੇ ਤਾਜ਼ਾ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਨਾਲ ਹੁਣ ਤੱਕ 75,02,278 ਲੋਕ ਪੀੜਤ ਹੋ ਚੁੱਕੇ ਹਨ ਅਤੇ 4 ਲੱਖ 20 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਨਾਲ ਅਜੇ ਦੁਨੀਆ ਦੇ 188 ਦੇਸ਼ ਪ੍ਰਭਾਵਿਤ ਹਨ।

ਕੋਰੋਨਾ ਨਾਲ ਸਭ ਤੋਂ ਜ਼ਿਆਦਾ ਅਮਰੀਕਾ ਪ੍ਰਭਾਵਿਤ ਹੈ। ਇੱਥੇ ਕੁੱਲ ਮਰੀਜ਼ਾਂ ਦਾ ਅੰਕੜਾ 20 ਲੱਖ 22 ਹਜ਼ਾਰ 488 ਹੈ, ਜਿਸ ਵਿਚ 1 ਲੱਖ 13 ਹਜ਼ਾਰ 803 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਵਿਚ ਸਭ ਤੋਂ ਜ਼ਿਆਦਾ ਮੌਤਾਂ ਨਿਊਯਾਰਕ ਵਿਚ ਹੋਈਆਂ ਹਨ। ਇੱਥੇ 30 ਹਜ਼ਾਰ ਤੋਂ ਜ਼ਿਆਦਾ ਲੋਕ ਜਾਨ ਗਵਾ ਚੁੱਕੇ ਹਨ। ਦੂਜੇ ਨੰਬਰ 'ਤੇ ਨਿਊ ਜਰਸੀ ਸ਼ਹਿਰ ਹੈ, ਜਿੱਥੇ 12 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਅਮਰੀਕਾ ਦੇ ਬਾਅਦ ਬ੍ਰਾਜ਼ੀਲ ਸਭ ਤੋਂ ਜ਼ਿਆਦਾ ਕੋਰੋਨਾ ਨਾਲ ਪ੍ਰਭਾਵਿਤ ਦੇਸ਼ ਹੈ। ਇੱਥੇ ਕੁੱਲ ਮਰੀਜ਼ਾਂ ਦਾ ਅੰਕੜਾ 8 ਲੱਖ ਨੂੰ ਪਾਰ ਕਰ ਗਿਆ ਅਤੇ 40 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੀਜੇ ਨੰਬਰ 'ਤੇ ਰੂਸ ਹੈ, ਜਿੱਥੇ ਕੁੱਲ ਮਰੀਜ਼ਾਂ ਦੀ ਗਿਣਤੀ 5 ਲੱਖ ਤੋਂ ਜ਼ਿਆਦਾ ਹੈ ਅਤੇ 6500 ਤੋਂ ਜ਼ਿਆਦਾ ਲੋਕ ਜਾਨ ਗਵਾ ਚੁੱਕੇ ਹਨ। ਚੌਥੇ ਨੰਬਰ 'ਤੇ ਯੂ.ਕੇ. ਹੈ। ਇੱਥੇ ਕੁੱਲ ਮਰੀਜ਼ਾਂ ਦਾ ਅੰਕੜਾ 2 ਲੱਖ 92 ਹਜ਼ਾਰ ਤੋਂ ਜ਼ਿਆਦਾ ਹੈ ਅਤੇ 41 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। 5ਵੇਂ ਨੰਬਰ 'ਤੇ ਭਾਰਤ ਹੈ, ਜਿੱਥੇ ਕੁੱਲ ਮਰੀਜ਼ਾਂ ਦਾ ਅੰਕੜਾ 2 ਲੱਖ 86 ਹਜ਼ਾਰ ਤੋਂ ਜ਼ਿਆਦਾ ਹੈ ਅਤੇ 8 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਦੇ ਇਲਾਵਾ ਸਪੇਨ ਵਿਚ 2 ਲੱਖ 42 ਹਜ਼ਾਰ ਤੋਂ ਜ਼ਿਆਦਾ ਕਨਫਰਮ ਕੇਸ ਅਤੇ 27 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਵਿਚ 2 ਲੱਖ 36 ਹਜ਼ਾਰ ਤੋਂ ਜ਼ਿਆਦਾ ਕੇਸ ਅਤੇ 34 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆ ਹਨ। ਪੇਰੂ ਵਿਚ 2 ਲੱਖ 14 ਹਜ਼ਾਰ ਤੋਂ ਜ਼ਿਆਦਾ ਅਤੇ 6 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਫ਼ਰਾਂਸ ਵਿਚ 1 ਲੱਖ 92 ਹਜ਼ਾਰ ਤੋਂ ਕੋਰੋਨਾ ਕੇਸ ਅਤੇ 29 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਰਮਨੀ ਵਿਚ ਕੋਰੋਨਾ ਵਾਇਰਸ ਨਾਲ 1,86,691 ਲੋਕ ਪੀੜਤ ਹੋਏ ਹਨ ਅਤੇ 8772 ਲੋਕਾਂ ਦੀ ਮੌਤ ਹੋਈ ਹੈ। ਤੁਕਰੀ ਵਿਚ ਕੋਰੋਨਾ ਨਾਲ ਹੁਣ ਤੱਕ 1,74,023 ਲੋਕ ਪੀੜਤ ਹੋਏ ਹਨ ਅਤੇ 4763 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਨਾਲ ਗੰਭੀਰ ਰੂਪ ਨਾਲ ਪ੍ਰਭਾਵਿਤ ਖਾੜੀ ਦੇਸ਼ ਈਰਾਨ ਵਿਚ 1,80,156 ਲੋਕ ਪੀੜਤ ਹਨ, ਜਦੋਂਕਿ 8584 ਲੋਕਾਂ ਦੀ ਇਸ ਕਾਰਨ ਮੌਤ ਹੋਈ ਹੈ। ਮੈਕਸੀਕੋ ਵਿਚ 15944, ਬੈਲਜੀਅਮ ਵਿਚ 9636, ਕੈਨਾਡਾ ਵਿਚ 8071, ਨੀਦਰਲੈਂਡ ਵਿਚ 606, ਸਵੀਡਨ ਵਿਚ 4814 , ਇਕਵਾਡੋਰ ਵਿਚ 3720, ਸਵਿਟਜ਼ਰਲੈਂਡ ਵਿਚ 1937, ਆਇਰਲੈਂਡ ਵਿਚ 1703 ਅਤੇ ਪੁਰਤਗਾਲ ਵਿਚ 1504 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਇਲਾਵਾ ਗੁਆਂਢੀ ਦੇਸ਼ ਪਾਕਿਸਤਾਨ ਵਿਚ ਕੋਰੋਨਾ ਨਾਲ ਹੁਣ ਤੱਕ 1,25,933 ਲੋਕ ਪੀੜਤ ਹੋਏ ਹਨ ਅਤੇ 2463 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

cherry

Content Editor

Related News