ਫਿਰ ਡਰਾਉਣ ਲੱਗਾ ਕੋਰੋਨਾ, ਨਵਾਂ ਵੈਰੀਐਂਟ ਸਾਹਮਣੇ ਆਉਣ ਮਗਰੋਂ ਕੇਂਦਰ ਨੇ ਜਾਰੀ ਕੀਤੀ ਐਡਵਾਈਜ਼ਰੀ
Tuesday, Dec 19, 2023 - 10:12 AM (IST)
ਨਵੀਂ ਦਿੱਲੀ- ਦੇਸ਼ ਵਿਚ ਇਕ ਵਾਰ ਫਿਰ ਕੋਰੋਨਾ ਵਾਇਰਸ ਦੇ ਮਾਮਲੇ ਵੱਧਣ ਲੱਗੇ ਹਨ। ਇਸ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਆਉਣ ਵਾਲੇ ਤਿਉਹਾਰੀ ਸੀਜ਼ਨ ਨੂੰ ਧਿਆਨ 'ਚ ਰੱਖਦੇ ਹੋਏ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੁਝ ਸਾਵਧਾਨੀ ਕਦਮ ਚੁੱਕਣੇ ਜ਼ਰੂਰੀ ਹਨ, ਤਾਂ ਕਿ ਇਸ ਵਾਇਰਸ ਦੇ ਜ਼ੋਖਮ ਨੂੰ ਘੱਟ ਕੀਤਾ ਜਾ ਸਕੇ।
ਇਹ ਐਡਵਾਈਜ਼ਰੀ ਕੇਰਲ ਵਿਚ ਕੋਰੋਨਾ ਦੇ ਨਵੇਂ ਸਬ-ਵੈਰੀਐਂਟ JN.1 ਦੀ ਪੁਸ਼ਟੀ ਤੋਂ ਬਾਅਦ ਜਾਰੀ ਕੀਤੀ ਗਈ ਹੈ। ਦਰਅਸਲ ਕੇਰਲ ਦੀ ਇਕ 79 ਸਾਲਾ ਔਰਤ 'ਚ ਇਸਦੀ ਪੁਸ਼ਟੀ ਹੋਈ ਸੀ। ਔਰਤ ਦਾ ਆਰਟੀ-ਪੀਸੀਆਰ ਟੈਸਟ ਦਾ ਨਤੀਜਾ 18 ਨਵੰਬਰ ਨੂੰ ਆਇਆ ਸੀ। ਜਿਸ ਵਿਚ ਇਨਫਲੂਐਂਜ਼ਾ ਵਰਗੀ ਬੀਮਾਰੀ ਦੇ ਹਲਕੇ ਲੱਛਣ ਸਨ ਅਤੇ ਉਹ ਕੋਵਿਡ-19 ਤੋਂ ਠੀਕ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਸਿੰਗਾਪੁਰ ਤੋਂ ਪਰਤੇ ਤਾਮਿਲਨਾਡੂ ਦੇ ਇਕ ਵਿਅਕਤੀ 'ਚ ਵੀ JN.1 ਸਬ-ਵੇਰੀਐਂਟ ਪਾਇਆ ਗਿਆ ਸੀ। ਇਹ ਵਿਅਕਤੀ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ 25 ਅਕਤੂਬਰ ਨੂੰ ਸਿੰਗਾਪੁਰ ਗਿਆ ਸੀ।
ਦੱਸ ਦੇਈਏ ਕਿ ਭਾਰਤ ਵਿਚ ਹੁਣ ਤੱਕ ਕੋਰੋਨਾ ਦੇ 4 ਕਰੋੜ 50 ਲੱਖ 4 ਹਜ਼ਾਰ 816 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ 5 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 5 ਲੱਖ 33 ਹਜ਼ਾਰ 316 ਹੋ ਗਈ ਹੈ। ਇਸ ਬੀਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 4 ਕਰੋੜ 44 ਲੱਖ 69 ਹਜ਼ਾਰ 799 ਹੋ ਗਈ ਹੈ। ਸਿਹਤ ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਦੇਸ਼ ਦੀ ਰਿਕਵਰੀ ਦਰ 98.81 ਫੀਸਦੀ ਹੈ ਜਦਕਿ ਮੌਤ ਦਰ 1.19 ਫੀਸਦੀ ਹੈ। ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਦੇਸ਼ ਵਿਚ ਹੁਣ ਤੱਕ ਕੋਵਿਡ-19 ਵੈਕਸੀਨ ਦੀਆਂ 220.67 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।