ਆਹ ਕੀ! ਨਵਾਂ ਈ-ਸਕੂਟਰ ਖ਼ੁਦ ਹੀ ਸਟਾਰਟ ਹੋ ਕੇ ਚੱਲਣ ਲੱਗਾ

Monday, Nov 11, 2024 - 10:48 AM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਇੱਥੇ ਸੈਕਟਰ-25 ਡੀ ਦੀ ਰਹਿਣ ਵਾਲੀ ਔਰਤ ਅਨੀਤਾ ਸੂਦ ਵੱਲੋਂ ਨਵਾਂ ਖ਼ਰੀਦਿਆ ਈ-ਸਕੂਟਰ ਖ਼ੁਦ ਹੀ ਸਟਾਰਟ ਹੋ ਕੇ ਆਵਾਜ਼ ਕਰਨ ਲੱਗਿਆ। ਇੱਥੋਂ ਤੱਕ ਕਿ ਬ੍ਰੇਕ ਲਗਾਉਣ ਦੇ ਬਾਅਦ ਵੀ ਚੱਲਦਾ ਰਿਹਾ। ਵਿਕੇਰਤਾ ਦੀ ਵਰਕਸ਼ਾਪ ’ਤੇ ਵੀ ਇਸ ਦੀ ਮੁਰੰਮਤ ਕਰਵਾਈ ਗਈ। ਫਿਰ ਵੀ ਈ-ਸਕੂਟਰ ਦੀ ਮੋਟਰ ਖ਼ਰਾਬ ਹੋਣ ਕਾਰਨ ਸ਼ਿਕਾਇਤਕਰਤਾ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਨਵੇਂ ਸਕੂਟਰ ’ਚ ਆ ਰਹੀਆਂ ਦਿੱਕਤਾਂ ਦੇ ਸਬੰਧ ’ਚ ਦਰਜ ਕੀਤੀ ਸ਼ਿਕਾਇਤ ’ਤੇ ਜ਼ਿਲ੍ਹਾ ਖ਼ਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਗੁਰੂਗ੍ਰਾਮ ਸਥਿਤ ਹੀਰੋ ਇਲੈਕਟ੍ਰਿਕ ਵ੍ਹੀਕਲ ਪ੍ਰਾਈਵੇਟ ਲਿਮਟਿਡ ਤੇ ਸਕੂਟਰ ਵੇਚਣ ਵਾਲੇ ਗੋ-ਗ੍ਰੀਨ ਬਾਈਕ ਨੂੰ ਸੇਵਾ ’ਚ ਕੋਤਾਹੀ ਦਾ ਦੋਸ਼ੀ ਠਹਿਰਾਉਂਦਿਆਂ 10 ਹਜ਼ਾਰ ਰੁਪਏ ਦਾ ਹਰਜਾਨਾ ਲਾਇਆ ਹੈ। ਕਮਿਸ਼ਨ ਨੇ ਨਾਲ ਹੀ ਈ-ਸਕੂਟਰ ਦੇ ਨੁਕਸਦਾਰ ਹਿੱਸੇ ਯਾਨੀ ਮੋਟਰ ਦੀ ਮੁਰੰਮਤ ਜਾਂ ਬਦਲਣ ਤੇ ਇਸ ਨੂੰ ਚਲਾਉਣ ਯੋਗ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ : ਪੰਜਾਬ ਨੂੰ ਦਰਪੇਸ਼ ਚੁਣੌਤੀਆਂ ’ਤੇ ਮੰਤਰੀ, ਅਧਿਕਾਰੀ ਮਿਲ ਬੈਠ ਕੇ ਕਰਨਗੇ ਚਰਚਾ, CM ਮਾਨ ਵੀ ਹੋਣਗੇ ਸ਼ਾਮਲ
3 ਸਾਲ ਦੀ ਵਾਰੰਟੀ, ਖ਼ਰੀਦਦੇ ਹੀ ਆਉਣ ਲੱਗੀ ਸਮੱਸਿਆ
ਜਾਣਕਾਰੀ ਮੁਤਾਬਕ ਅਨੀਤਾ ਸੂਦ ਨੇ ਚੰਡੀਗੜ੍ਹ ਸੈਕਟਰ-37 ਸਥਿਤ ਗੋ ਗ੍ਰੀਨ ਬਾਈਕ ਤੇ ਗੁਰੂਗ੍ਰਾਮ ਸਥਿਤ ਹੀਰੋ ਇਲੈਕਟ੍ਰਿਕ ਵ੍ਹੀਕਲ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਜ਼ਿਲ੍ਹਾ ਖ਼ਪਤਕਾਰ ਵਿਵਾਦ ਨਿਵਾਰਣ ਕਮਿਸ਼ਨ ’ਚ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਗੋ-ਗ੍ਰੀਨ ਬਾਈਕਸ ਦੇ ਪ੍ਰਤੀਨਿਧੀ ਨੇ 29 ਮਾਰਚ 2023 ਨੂੰ ਹੀਰੋ ਇਲੈਕਟ੍ਰਿਕ ਵ੍ਹੀਕਲ ਪ੍ਰਾਈਵੇਟ ਲਿਮਟਿਡ ਵਲੋਂ ਨਿਰਮਾਣਿਕ ਟਨ ਐੱਲ.ਪੀ. ਇਲੈਕਟ੍ਰਿਕ ਸਕੂਟਰ 93 ਹਜ਼ਾਰ ਰੁਪਏ ’ਚ ਖ਼ਰੀਦਿਆ ਸੀ। ਸ਼ਿਕਾਇਤਕਰਤਾ ਵੱਲੋਂ ਜੀ-ਪੇਅ ਜ਼ਰੀਏ ਕੀਤੇ ਗਏ ਭੁਗਤਾਨ ’ਚ ਇਲੈਕਟ੍ਰਿਕ ਸਕੂਟਰ ਦੀ ਕੀਮਤ, ਬੀਮਾ ਤੇ ਰਜਿਸਟ੍ਰੇਸ਼ਨ ਫ਼ੀਸ ਆਦਿ ਸ਼ਾਮਲ ਸਨ। ਸਕੂਟਰ ’ਤੇ ਤਿੰਨ ਸਾਲ ਦੀ ਵਾਰੰਟੀ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸਕੂਟਰ ਖ਼ਰੀਦਣ ਤੋਂ ਤੁਰੰਤ ਬਾਅਦ ਹੀ ਸਮੱਸਿਆ ਆਉਣ ਲੱਗੀ। ਬ੍ਰੇਕ ਲਗਾਉਣ ਤੋਂ ਬਾਅਦ ਵੀ ਸਕੂਟਰ ਦੀ ਸਪੀਡ ’ਤੇ ਕੰਟਰੋਲ ਨਹੀਂ ਸੀ ਅਤੇ ਸਕੂਟਰ ਆਪਣੇ ਆਪ ਹੀ ਚੱਲਣ ਲੱਗਾ। ਸ਼ਿਕਾਇਤਕਰਤਾ ਨੇ ਸਕੂਟਰ ਨੂੰ ਰਿਪੇਅਰ ਕਰਵਾਉਣ ਲਈ ਵਰਕਸ਼ਾਪ ’ਚ ਭੇਜਿਆ ਸੀ। ਇਸ ਤੋਂ ਬਾਅਦ ਜੂਨ 2023 ’ਚ ਸਕੂਟਰ ਦੇ ਮੇਨ ਲਾਕ ’ਚ ਸਮੱਸਿਆ ਆਉਣ ਲੱਗੀ। ਮੁਲਜ਼ਮ ਧਿਰ ਨੇ ਉਸ ਨੂੰ ਕਿਹਾ ਕਿ ਲਾਕ 26 ਜੁਲਾਈ ਨੂੰ ਮਿਲ ਸਕੇਗਾ ਪਰ ਬਾਅਦ ਵਿਚ ਉਨ੍ਹਾਂ ਨੇ ਤਾਲਾ ਬਦਲ ਦਿੱਤਾ। ਇਸ ਕੰਮ ਲਈ ਕੋਈ ਜਾਬ ਸ਼ੀਟ ਜਾਰੀ ਨਹੀਂ ਕੀਤੀ ਗਈ ਪਰ ਇਹ ਲਿਖ਼ਤੀ ਤੌਰ ’ਤੇ ਦਿੱਤਾ ਗਿਆ ਸੀ ਕਿ ਵਾਰੰਟੀ ਸਮਾਂਸੀਮਾ ਦੇ ਅੰਦਰ ਲਾਕ ਸੈੱਟ ਬਦਲ ਦਿੱਤਾ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਡੋਡੇ-ਭੁੱਕੀ ਦੇ ਠੇਕੇ ਖੁੱਲ੍ਹਣ ਨੂੰ ਲੈ ਕੇ ਰਵਨੀਤ ਬਿੱਟੂ ਦਾ ਆਇਆ ਵੱਡਾ ਬਿਆਨ (ਵੀਡੀਓ)
ਮੁਆਵਜ਼ੇ ਸਮੇਤ ਸਕੂਟਰ ਦੀ ਕੀਮਤ ਵਾਪਸ ਕਰਨ ਦੀ ਕੀਤੀ ਸੀ ਮੰਗ
ਮੇਨ ਲਾਕ ਨੂੰ ਬਦਲਣ ਤੋਂ ਬਾਅਦ ਬ੍ਰੇਕ ਤਾਰ ’ਚ ਇਕ ਹੋਰ ਸਮੱਸਿਆ ਪੈਦਾ ਹੋ ਗਈ, ਜੋ ਦੋਹਰੀ ਕਿਸਮ ਦੀ ਸੀ, ਜਿਸ ਨੂੰ ਮੁਲਜ਼ਮ ਧਿਰ ਵੱਲੋਂ ਇਕ ਮਹੀਨੇ ਬਾਅਦ ਠੀਕ ਕੀਤਾ ਗਿਆ। ਦਸੰਬਰ 2023 ’ਚ ਪਤਾ ਲੱਗਾ ਕਿ ਸਕੂਟਰ ਦੀ ਮੋਟਰ ਕੰਮ ਨਹੀਂ ਕਰ ਰਹੀ ਸੀ। ਇਸ ਕਾਰਨ ਅਨੀਤਾ ਸੂਦ ਈ-ਸਕੂਟਰ ਦੀ ਵਰਤੋਂ ਕਰਨ ’ਚ ਅਸਮਰੱਥ ਸੀ। 15 ਦਸੰਬਰ ਨੂੰ ਉਹ ਫਿਰ ਸਕੂਟਰ ਲੈ ਕੇ ਵਰਕਸ਼ਾਪ ਗਈ। ਸਕੂਟਰ ਦੀ ਜਾਂਚ ਮਗਰੋਂ ਮੁਲਜ਼ਮ ਧਿਰ ਉਸ ’ਚ ਆ ਰਹੀ ਸਮੱਸਿਆ ਨੂੰ ਦੂਰ ਨਹੀਂ ਕਰ ਸਕਿਆ। ਸ਼ਿਕਾਇਤਕਰਤਾ ਨੇ ਈ-ਮੇਲ ਰਾਹੀਂ ਮੁਲਜ਼ਮ ਧਿਰ ਨੂੰ ਸਾਰੇ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾਏ। ਸ਼ਿਕਾਇਤਕਰਤਾ ਅਨੁਸਾਰ ਈ-ਮੇਲ ਦੇ ਜਵਾਬ ’ਚ ਇਹ ਦੋਸ਼ ਲਾਇਆ ਕਿ ਸਬੰਧਿਤ ਈ-ਸਕੂਟਰ ’ਚ ਨਿਰਮਾਣ ਨੁਕਸ ਹੈ। ਮੁਲਜ਼ਮ ਧਿਰ ਨੁਕਸਦਾਰ ਪੁਰਜ਼ਿਆਂ ਦੀ ਮੁਰੰਮਤ ਜਾਂ ਬਦਲੀ ਕਰਨ ਲਈ ਪਾਬੰਦ ਹੈ ਤੇ ਜੇਕਰ ਮੁਰੰਮਤ ਸੰਭਵ ਨਹੀਂ ਹੈ ਤਾਂ ਸਕੂਟਰ ਨੂੰ ਬਦਲਿਆ ਜਾਵੇ ਕਿਉਂਕਿ ਮਾਮਲਾ ਈ-ਸਕੂਟਰ ’ਚ ਮੈਨਿਊਫੈਕਚਰਿੰਗ ਦੋਸ਼ ਦਾ ਸੀ, ਇਸ ਲਈ ਸ਼ਿਕਾਇਤਕਰਤਾ ਨੇ ਮੁਆਵਜ਼ੇ ਸਮੇਤ ਈ-ਸਕੂਟਰ ਦੀ ਕੀਮਤ ਵਾਪਸ ਕਰਨ ਦੀ ਮੰਗ ਕੀਤੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਮੁਲਜ਼ਮ ਧਿਰ ਵੱਲੋਂ ਕਮਿਸ਼ਨ ਅੱਗੇ ਪੇਸ਼ ਨਾ ਹੋਣ ਕਾਰਨ ਕੇਸ ਨੂੰ ਐਕਸ ਪਾਰਟੀ ਐਲਾਨ ਕਰਦਿਆਂ ਸ਼ਿਕਾਇਤਕਰਤਾ ਦੇ ਹੱਕ ’ਚ ਫ਼ੈਸਲਾ ਸੁਣਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

 


Babita

Content Editor

Related News