ਆਧਾਰ ਕਾਰਡ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਇਆ ਨਵਾਂ ਹੁਕਮ
Tuesday, Nov 05, 2024 - 03:58 PM (IST)
ਮੋਹਾਲੀ/ਹੁਸ਼ਿਆਰਪੁਰ (ਨਿਆਮੀਆਂ) : ਮੋਹਾਲੀ ਜ਼ਿਲ੍ਹੇ ’ਚ ਸਮਰਪਿਤ ਆਧਾਰ ਅਪਡੇਟ ਤੇ 18 ਤੋਂ ਘੱਟ ਉਮਰ ਲਈ ਨਵੀਆਂ ਐਨਰੋਲਮੈਂਟ ਸੇਵਾਵਾਂ ਵਸਨੀਕਾਂ ਨੂੰ ਪ੍ਰਦਾਨ ਕਰਨ ਲਈ ਮੋਹਾਲੀ ਪ੍ਰਸ਼ਾਸਨ ਵੱਲੋਂ ਸੇਵਾ ਕੇਂਦਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਅਤੇ ਸੇਵਾ ਕੇਂਦਰ ਤਹਿਸੀਲ ਕੰਪਲੈਕਸ ਡੇਰਾਬਸੀ ਵਿਖੇ ਬਾਕੀ ਦਿਨਾਂ ਦੇ ਨਾਲ-ਨਾਲ ਐਤਵਾਰ ਨੂੰ ਵੀ ਸੇਵਾਵਾਂ ਦੇਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਸੀ. ਆਸ਼ਿਕਾ ਜੈਨ ਨੇ ਦੱਸਿਆ ਕਿ ਆਮ ਤੌਰ ’ਤੇ ਜ਼ਿਲ੍ਹੇ ’ਚ ਕੰਮ ਕਰ ਰਹੇ ਸਾਰੇ 15 ਸੇਵਾ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਤਕ ਆਧਾਰ ਕਾਰਡ ਨਾਲ ਸਬੰਧਤ ਸੇਵਾਵਾਂ ਪ੍ਰਦਾਨ ਕਰਦੇ ਹਨ ਪਰ ਮੋਹਾਲੀ ਤੇ ਡੇਰਾਬਸੀ ਦੇ ਇਨ੍ਹਾਂ ਦੋ ਸੇਵਾ ਕੇਂਦਰਾਂ ਵਿਖੇ ਐਤਵਾਰ ਵਾਲੇ ਦਿਨ ਵੀ ਵਾਧੂ ਤੌਰ ’ਤੇ ਆਧਾਰ ਨਾਲ ਸਬੰਧਤ ਸੇਵਾਵਾਂ ਮਿਲਣਗੀਆਂ। ਹਫ਼ਤੇ ਦੇ ਆਖਰੀ ਛੁੱਟੀ ਵਾਲੇ ਦਿਨ ਆਧਾਰ ਸੇਵਾ ਦੇਣ ਦੀ ਸ਼ੁਰੂਆਤ ਜਲਦੀ ਹੀ ਖਰੜ ਸੇਵਾ ਕੇਂਦਰ ’ਚ ਵੀ ਮਿਲੇਗੀ।
ਇਹ ਵੀ ਪੜ੍ਹੋ : ਪੰਜਾਬ ਵਿਚ 7 ਨਵੰਬਰ ਦੀ ਛੁੱਟੀ !
ਹੁਸ਼ਿਆਰਪੁਰ (ਘੁੰਮਣ) : ਦੂਜੇ ਪਾਸੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਜਾਣ ਵਾਲਾ ‘ਆਧਾਰ’ ਇਕ ਮਹੱਤਵਪੂਰਨ ਪਛਾਣ ਪੱਤਰ ਹੈ, ਜੋ ਨਾਗਰਿਕਾਂ ਨੂੰ ਵੱਖ-ਵੱਖ ਲਾਭ ਪ੍ਰਦਾਨ ਕਰਦਾ ਹੈ। ਕਿਸੇ ਵੀ ਸਰਕਾਰੀ ਸੇਵਾ ਲਈ ਅਪਲਾਈ ਕਰਦੇ ਸਮੇਂ ਆਧਾਰ ਕਾਰਡ ਨੂੰ ਪਛਾਣ, ਪਤੇ ਅਤੇ ਉਮਰ ਦੇ ਸਬੂਤ ਵਜੋਂ ਵਰਤਿਆ ਜਾ ਸਕਦਾ ਹੈ। ਇਹ ਵੱਖ-ਵੱਖ ਖੇਤਰਾਂ ਵਿਚ ਕੁਸ਼ਲਤਾ, ਪਾਰਦਰਸ਼ਤਾ ਅਤੇ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਵਾਲੇ ਭਾਰਤ ਦੇ ਡਿਜੀਟਲ ਪਰਿਵਰਤਨ ਦੀ ਨੀਂਹ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਯੂ.ਆਈ.ਡੀ.ਏ.ਆਈ. ਤੋਂ ਪ੍ਰਾਪਤ ਰਿਪੋਰਟ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਵਿਚ 5 ਸਾਲ ਤੋਂ ਘੱਟ ਉਮਰ ਦੇ 47,269 ਬੱਚਿਆਂ ਦੇ ਆਧਾਰ ਕਾਰਡ ਨਹੀਂ ਬਣੇ ਹਨ। ਇਸ ਤੋਂ ਇਲਾਵਾ, 5 ਤੋਂ 15 ਸਾਲ ਦੀ ਉਮਰ ਦੇ 1,35,966 ਬੱਚਿਆਂ ਲਈ ਲਾਜ਼ਮੀ ਬਾਇਓਮੀਟ੍ਰਿਕ ਅਪਡੇਟ ਬਕਾਇਆ ਹੈ।
ਇਹ ਵੀ ਪੜ੍ਹੋ : ਕੈਨੇਡਾ 'ਚ ਮੰਦਰ 'ਤੇ ਹੋਏ ਹਮਲੇ ਦੇ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ ਵੱਡੀ ਗਿਣਤੀ ਨਾਗਰਿਕਾਂ ਦੇ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਲਿੰਕ ਨਹੀਂ ਹਨ ਅਤੇ ਬਾਇਓਮੀਟ੍ਰਿਕ ਅਪਡੇਟ ਨਹੀਂ ਹਨ, ਜਿਸ ਕਾਰਨ ਉਨ੍ਹਾਂ ਨੂੰ ਸੇਵਾਵਾਂ ਲੈਣ ਵਿਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਜ਼ਦੀਕੀ ਸੇਵਾ ਕੇਂਦਰ ਵਿਚ ਜਾ ਕੇ ਆਪਣਾ ਅਤੇ ਆਪਣੇ ਬੱਚਿਆਂ ਦਾ ਆਧਾਰ ਕਾਰਡ ਅਪਡੇਟ ਕਰਵਾਉਣ ਤਾਂ ਜੋ ਭਵਿੱਖ ਵਿਚ ਆਧਾਰ ਅਪਡੇਟ ਨਾ ਹੋਣ ਕਾਰਨ ਕਿਸੇ ਵੀ ਤਰ੍ਹਾਂ ਦੀ ਦਫਤਰੀ ਸਮੱਸਿਆ ਤੋਂ ਬਚਿਆ ਜਾ ਸਕੇ। ਜ਼ਿਕਰਯੋਗ ਹੈ ਕਿ ਜ਼ਿਲਾ ਹੁਸ਼ਿਆਰਪੁਰ ਦੇ ਸਾਰੇ ਸੇਵਾ ਕੇਂਦਰਾਂ ਵਿਚ ਆਧਾਰ ਕਾਰਡ ਦੀ ਸੇਵਾ ਉਪਲੱਬਧ ਹੈ। ਇਸ ਤੋਂ ਇਲਾਵਾ ਲੋਕ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਸਥਿਤ ਸੇਵਾ ਕੇਂਦਰ ਵਿਚ 3-4 ਆਧਾਰ ਕਾਊਂਟਰ ਵੀ ਮੌਜੂਦ ਹਨ। ਟਾਂਡਾ, ਦਸੂਹਾ, ਗੜ੍ਹਸ਼ੰਕਰ ਅਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਥਿਤ ਸੇਵਾ ਕੇਂਦਰਾਂ ਵਿਚ ਐਤਵਾਰ ਨੂੰ ਵੀ ਆਧਾਰ ਕਾਰਡ ਦੀ ਸੇਵਾ ਉਪਲੱਬਧ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e