ਛੱਤੀਸਗੜ੍ਹ ਦਾ ਇਕ ਅਜਿਹਾ ਪਿੰਡ, ਜਿੱਥੇ 25 ਸਾਲਾਂ ''ਚ ਇਕ ਵੀ FIR ਨਹੀਂ ਹੋਈ ਦਰਜ

01/05/2020 4:48:09 PM

ਦੰਤੇਵਾੜਾ (ਵਾਰਤਾ)— ਛੱਤੀਸਗੜ੍ਹ ਦੇ ਦੱਖਣੀ ਬਸਤਰ ਦੇ ਦੰਤੇਵਾੜਾ ਜ਼ਿਲੇ ਦੇ ਅਧੀਨ ਇਕ ਪਿੰਡ ਅਜਿਹਾ ਵੀ ਹੈ, ਜਿੱਥੋਂ ਦੇ ਲੋਕ ਆਪਣੇ ਵਿਵਾਦਾਂ ਨੂੰ ਮਿਲ ਬੈਠ ਕੇ ਖੁਦ ਹੀ ਸੁਲਝਾ ਲੈਂਦੇ ਹਨ। ਖਾਸ ਗੱਲ ਇਹ ਹੈ ਕਿ ਪਿਛਲੇ 25 ਸਾਲਾਂ ਤੋਂ ਇੱਥੋਂ ਦੇ ਪਿੰਡ ਵਾਸੀਆਂ ਨੇ ਪਿੰਡ 'ਚ ਵਾਪਰਨ ਵਾਲੇ ਕਿਸੇ ਵੀ ਮਾਮਲੇ ਲਈ ਥਾਣੇ 'ਚ ਐੱਫ. ਆਈ. ਆਰ. ਦਰਜ ਨਹੀਂ ਕਰਵਾਈ। ਇਹ ਪਿੰਡ ਦੰਤੇਵਾੜਾ ਜ਼ਿਲੇ ਦੇ ਕੁਆਕੋਂਡਾ ਥਾਣੇ ਤੋਂ 4 ਕਿਲੋਮੀਟਰ ਦੂਰ ਹੈ, ਜਿਸ ਦਾ ਨਾਂ ਹੈ ਪਿੰਡ ਉਦੇਲਾ। ਇਸ ਪਿੰਡ ਦੇ ਲੋਕ ਆਪਣੇ ਵਿਚ ਹੋਣ ਵਾਲੇ ਝਗੜਿਆਂ ਜਾਂ ਵਿਵਾਦਾਂ ਨੂੰ ਖੁਦ ਹੀ ਸੁਲਝਾਉਂਦੇ ਹਨ। ਪਿੰਡ ਵਾਸੀ ਪੁਲਸ ਅਤੇ ਅਦਾਲਤਾਂ ਦੇ ਚੱਕਰ ਤੋਂ ਦੂਰ ਰਹਿੰਦੇ ਹਨ। ਕੁਆਕੋਂਡਾ ਦੇ ਥਾਣੇਦਾਰ ਜਤਿੰਦਰ ਸਾਹੂ ਨੇ ਦੱਸਿਆ ਕਿ ਲੱਗਭਗ 500 ਦੀ ਆਬਾਦੀ ਵਾਲੇ ਆਦਿਵਾਸੀ ਦਬਦਬੇ ਵਾਲੇ ਉਦੇਲਾ ਪਿੰਡ ਦੇ ਪਿੰਡ ਵਾਸੀਆਂ ਨੇ ਆਪਣੀ ਪਰੰਪਰਾ ਨੂੰ ਅੱਜ ਵੀ ਕਾਇਮ ਰੱਖਿਆ ਹੈ। 

ਸਾਹੂ ਨੇ ਦੱਸਿਆ ਕਿ ਕਦੇ-ਕਦੇ ਪਿੰਡ ਦੀ ਸਮੱਸਿਆ ਦੇ ਹੱਲ ਲਈ ਪਿੰਡ ਵਾਸੀਆਂ ਵਲੋਂ ਉਨ੍ਹਾਂ ਨੂੰ ਬੁਲਾਇਆ ਵੀ ਜਾਂਦਾ ਹੈ, ਜਿੱਥੇ ਉਨ੍ਹਾਂ ਦੀ ਸਮੱਸਿਆ ਦਾ ਨਿਪਟਾਰਾ ਕੀਤਾ ਜਾਂਦਾ ਹੈ ਪਰ ਅੱਜ ਤਕ ਇਸ ਪਿੰਡ 'ਚ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਜਾ ਸਕਿਆ। ਜਦਕਿ ਇਸ ਦੇ ਆਲੇ-ਦੁਆਲੇ ਦੇ ਪਿੰਡ ਦੇ ਕਈ ਮਾਮਲੇ ਥਾਣੇ 'ਚ ਦਰਜ ਹਨ। ਇੱਥੋਂ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੂਰਵਜਾਂ ਨੇ ਹਮੇਸ਼ਾ ਮਿਲਜੁਲ ਕੇ ਵਿਵਾਦ ਦਾ ਹੱਲ ਕਰਨ ਦੀ ਸਲਾਹ ਦਿੱਤੀ ਸੀ। ਜੇਕਰ ਪਿੰਡ ਦਾ ਕੋਈ ਵਿਅਕਤੀ ਅਪਰਾਧ 'ਚ ਸ਼ਾਮਲ ਰਹਿੰਦਾ ਹੈ ਜਾਂ ਪਾਇਆ ਜਾਂਦਾ ਹੈ ਤਾਂ ਉਸ ਨੂੰ ਜ਼ੁਰਮਾਨੇ ਨਾਲ ਪਿੰਡ ਤੋਂ ਬਾਹਰ ਕਰਨ ਦੀ ਸਜ਼ਾ ਮਿਲਦੀ ਹੈ।


Tanu

Content Editor

Related News