ਤਿਹਾੜ ਜੇਲ੍ਹ 'ਚ ਗੈਂਗਵਾਰ; ਤੇਜ਼ਧਾਰ ਹਥਿਆਰ ਨਾਲ ਕੈਦੀ 'ਤੇ ਹਮਲਾ, ਇਸੇ ਜੇਲ੍ਹ 'ਚ ਬੰਦ ਹਨ ਕੇਜਰੀਵਾਲ

06/06/2024 1:22:35 PM

ਨਵੀਂ ਦਿੱਲੀ- ਦਿੱਲੀ ਦੀ ਤਿਹਾੜ ਜੇਲ੍ਹ ਵਿਚ ਵਿਰੋਧੀ ਗਿਰੋਹਾਂ ਵਿਚਾਲੇ ਖ਼ੂਨੀ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਝੜਪ ਵਿਚ ਚਾਕੂ ਲੱਗਣ ਨਾਲ ਇਕ ਕੈਦੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਕਤਲ ਦੇ ਮਾਮਲੇ ਵਿਚ ਵਿਚਾਰਅਧੀਨ ਕੈਦੀ ਹਿਤੇਸ਼ ਨੂੰ ਜ਼ਖ਼ਮੀ ਹਾਲਤ ਵਿਚ ਦੀਨ ਦਿਆਲ ਉਪਾਧਿਆਏ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਗੋਗੀ ਗੈਂਗ ਦੇ ਮੈਂਬਰ ਅਤੇ ਟਿੱਲੂ ਤਾਜਪੁਰੀਆ ਗੈਂਗ ਦੇ ਦੋ ਹੋਰ ਮੈਂਬਰਾਂ ਵਿਚਾਲੇ ਸਵੇਰੇ ਕਰੀਬ 11.15 ਵਜੇ ਜੇਲ੍ਹ ਦੇ ਅੰਦਰ ਝਗੜਾ ਹੋਇਆ। ਇਕ ਪੁਲਸ ਸੂਤਰ ਨੇ ਦੱਸਿਆ ਕਿ ਕੈਦੀ ਹਿਤੇਸ਼ 'ਤੇ ਆਈਸ ਬ੍ਰੇਕਰ ਵਰਗੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ-  AC 'ਚ ਹੋਇਆ ਧਮਾਕਾ, ਦੋ ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ

ਡਿਪਟੀ ਕਮਿਸ਼ਨਰ ਆਫ਼ ਪੁਲਸ (ਪੱਛਮੀ) ਵਿਚਿਤਰ ਵੀਰ ਨੇ ਦੱਸਿਆ ਕਿ ਹਰੀ ਨਗਰ ਥਾਣਾ ਪੁਲਸ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਤਿਹਾੜ ਜੇਲ੍ਹ ਤੋਂ ਇਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਆਂਦਾ ਗਿਆ ਹੈ। ਇਸ ਸੂਚਨਾ ਦੇ ਆਧਾਰ 'ਤੇ ਸਥਾਨਕ ਪੁਲਸ ਹਸਪਤਾਲ ਪਹੁੰਚੀ ਅਤੇ ਮਾਮਲੇ ਬਾਰੇ ਪੁੱਛਗਿੱਛ ਕੀਤੀ। ਉਨ੍ਹਾਂ ਕਿਹਾ ਕਿ ਹਿਤੇਸ਼ 'ਤੇ ਹਮਲਾ ਕਰਨ ਵਾਲਿਆਂ ਦੇ ਨਾਂ ਗੌਰਵ ਲੋਹਾਰ ਅਤੇ ਗੁਰਿੰਦਰ ਦੱਸੇ ਗਏ ਹਨ। ਹਮਲਾਵਰਾਂ ਦੀ ਪਛਾਣ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ, ਜਾਂਚ ਜਾਰੀ ਹੈ।

ਇਹ ਵੀ ਪੜ੍ਹੋ- ਨਾਇਡੂ-ਮੋਦੀ-ਨਿਤੀਸ਼ ਦੇ ਰਿਸ਼ਤਿਆਂ ਦੀ ਕਹਾਣੀ; ਇਕ ਨੇ ਮੰਗਿਆ ਸੀ ਅਸਤੀਫਾ ਦੂਜੇ ਨੇ ਛੱਡਿਆ ਸੀ 17 ਸਾਲ ਪੁਰਾਣਾ ਸਾਥ

ਅਧਿਕਾਰੀ ਨੇ ਕਿਹਾ ਕਿ ਹਿਤੇਸ਼ 2019 ਤੋਂ ਜੇਲ 'ਚ ਹੈ, ਜਦੋਂ ਕਿ ਗੌਰਵ ਅਤੇ ਗੁਰਿੰਦਰ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲਿਆਂ 'ਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਪੁਲਸ ਦੇ ਡਿਪਟੀ ਕਮਿਸ਼ਨਰ (DCP) ਨੇ ਅੱਗੇ ਕਿਹਾ ਕਿ ਜ਼ਖਮਾਂ ਨੂੰ ਵੇਖਦੇ ਹੋਏ IPC ਦੀ ਧਾਰਾ 307 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਗੈਂਗਸਟਰ ਤਾਜਪੁਰੀਆ ਦਾ ਪਿਛਲੇ ਸਾਲ ਮਈ ਵਿਚ ਇਸੇ ਜੇਲ੍ਹ ਵਿਚ ਹੀ ਉਸ ਦੇ ਮੈਂਬਰਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਦੱਸ ਦੇਈਏ ਕਿ ਤਿਹਾੜ ਜੇਲ੍ਹ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਬੰਦ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News