CM ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ ''ਚ ਕੀਤਾ ਆਤਮਸਮਰਪਣ

Sunday, Jun 02, 2024 - 06:54 PM (IST)

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਤਿਹਾੜ ਜੇਲ੍ਹ 'ਚ ਆਤਮਸਮਰਪਣ ਕੀਤਾ। ਕੇਜਰੀਵਾਲ ਨੂੰ ਲੋਕ ਸਭਾ ਚੋਣਾਂ 'ਚ ਪ੍ਰਚਾਰ ਕਰਨ ਲਈ ਸੁਪਰੀਮ ਕੋਰਟ ਨੇ ਕਥਿਤ ਦਿੱਲੀ ਆਬਕਾਰੀ ਨੀਤੀ ਘੋਟਾਲੇ ਨਾਲ ਜੁੜੇ ਮਨੀਲਾਂਡਰਿੰਗ ਮਾਮਲੇ 'ਚ 10 ਮਈ ਨੂੰ ਅੰਤਰਿਮ ਜ਼ਮਾਨਤ ਦਿੱਤੀ ਸੀ। ਇਹ ਮਿਆਦ 1 ਜੂਨ ਨੂੰ ਖ਼ਤਮ ਹੋ ਗਈ। ਆਤਮਸਮਰਪਣ ਕਰਨ ਤੋਂ ਪਹਿਲਾਂ ਕੇਜਰੀਵਾਲ ਨੇ ਰਾਜਘਾਟ ਸਥਿਤ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ 'ਚ ਪੂਜਾ ਕੀਤੀ। 

ਉਨ੍ਹਾਂ ਪਾਰਟੀ ਦਫ਼ਤਰ 'ਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਸੰਬੋਧਨ ਕੀਤਾ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਮੈਂ ਜੇਲ੍ਹ ਵਾਪਸ ਜਾ ਰਿਹਾ ਹਾਂ, ਇਸ ਲਈ ਨਹੀਂ ਕਿ ਮੈਂ ਭ੍ਰਿਸ਼ਟਾਚਾਰ 'ਚ ਸ਼ਾਮਲ ਸੀ, ਸਗੋਂ ਇਸ ਲਈ ਕਿ ਮੈਂ ਤਾਨਾਸ਼ਾਹੀ ਦੇ ਖਿਲਾਫ ਆਵਾਜ਼ ਉਠਾਈ। 'ਆਪ' ਨੇਤਾ ਨੇ ਕਿਹਾ ਕਿ ਉਨ੍ਹਾਂ ਨੇ ਲੋਕ ਸਭਾ ਚੋਣਾਂ ਦੌਰਾਨ 'ਦੇਸ਼ ਨੂੰ ਬਚਾਉਣ' ਲਈ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਸੁਪਰੀਮ ਕੋਰਟ ਵੱਲੋਂ 21 ਦਿਨਾਂ ਦੀ ਰਾਹਤ ਮਿਸੀਸੀ। ਇਹ 21 ਦਿਨ ਅਭੁੱਲ ਸਨ। ਮੈਂ ਇਕ ਮਿੰਟ ਵੀ ਬਰਬਾਦ ਨਹੀਂ ਕੀਤਾ। ਮੈਂ ਦੇਸ਼ ਨੂੰ ਬਚਾਉਣ ਲਈ ਚੋਣ ਪ੍ਰਚਾਰ ਕੀਤਾ। ਆਮ ਆਦਮੀ ਪਾਰਟੀ ਮਹੱਤਵਪੂਰਨ ਨਹੀਂ ਹੈ, ਇਹ ਗੌਣ ਹੈ। ਦੇਸ਼ ਪਹਿਲਾਂ ਹੈ। 

ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੇ ਐੱਨ.ਡੀ.ਏ. ਦੇ ਤੀਜੀ ਵਾਰ ਸੱਤਾ 'ਚ ਆਉਣ ਦੀ ਭਵਿੱਖਬਾਣੀ ਕਰਨ ਵਾਲੇ ਸਾਰੇ ਐਗਜ਼ਿਟ ਪੋਲ 'ਫਰਜ਼ੀ' ਹਨ। ਸ਼ਨੀਵਾਰ ਨੂੰ ਜਾਰੀ ਕੀਤੇ ਗਏ ਐਗਜ਼ਿਟ ਪੋਲ ਨੇ ਭਵਿੱਖਬਾਣੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਸੱਤਾ ਵਿਚ ਆਉਣਗੇ ਅਤੇ ਐੱਨ.ਡੀ.ਏ. ਨੂੰ ਭਾਰੀ ਬਹੁਮਤ ਮਿਲਣ ਦੀ ਸੰਭਾਵਨਾ ਹੈ। ਕੇਜਰੀਵਾਲ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਨੂੰ ਕਿਹਾ ਕਿ ਉਹ 4 ਜੂਨ ਨੂੰ ਸਰਕਾਰ ਨਹੀਂ ਬਣਾ ਰਹੇ ਹਨ। ਇਹ ਐਗਜ਼ਿਟ ਪੋਲ ਤੁਹਾਨੂੰ ਡਿਪਰੈਸ਼ਨ ਵਿੱਚ ਲਿਜਾਣ ਦੀ ‘ਖੇਡ’ ਹੈ।


Rakesh

Content Editor

Related News