ਬਠਿੰਡਾ ਜੇਲ੍ਹ ''ਚ ਗਲਾ ਘੁੱਟ ਕੇ ਕੀਤਾ ਗਿਆ ਸੀ ਕੈਦੀ ਦਾ ਕਤਲ, ਪੰਜ ਸਾਲ ਬਾਅਦ ਹੋਇਆ ਖ਼ੁਲਾਸਾ

Wednesday, Jun 12, 2024 - 06:19 PM (IST)

ਬਠਿੰਡਾ ਜੇਲ੍ਹ ''ਚ ਗਲਾ ਘੁੱਟ ਕੇ ਕੀਤਾ ਗਿਆ ਸੀ ਕੈਦੀ ਦਾ ਕਤਲ, ਪੰਜ ਸਾਲ ਬਾਅਦ ਹੋਇਆ ਖ਼ੁਲਾਸਾ

ਬਠਿੰਡਾ (ਸੁਖਵਿੰਦਰ) : ਬਠਿੰਡਾ ਦੀ ਕੇਂਦਰੀ ਜੇਲ੍ਹ ’ਚ ਬੰਦ ਕੈਦੀ ਜਗਤਾਰ ਸਿੰਘ ਉਰਫ਼ ਜੱਗਾ ਦੀ ਸਾਲ 2019 ਦੌਰਾਨ ਜੇਲ੍ਹ ’ਚ ਹੀ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ, ਘਟਨਾ ਦੇ ਪੰਜ ਸਾਲ ਬਾਅਦ ਪੂਰੀ ਹੋਈ ਨਿਆਂਇਕ ਜਾਂਚ ਵਿਚ ਇਹ ਮਾਮਲਾ ਸਾਹਮਣੇ ਆਇਆ ਹੈ। ਤਫਤੀਸ਼ੀ ਰਿਪੋਰਟ ਦੇ ਆਧਾਰ ’ਤੇ ਥਾਣਾ ਕੈਂਟ ਦੀ ਪੁਲਸ ਨੇ ਜੇਲ੍ਹ ’ਚ ਹੋਏ ਕਤਲ ਦੇ ਮਾਮਲੇ ’ਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ 29 ਸਤੰਬਰ 2019 ਨੂੰ ਜੇਲ੍ਹ ਦੇ ਕੈਦੀ ਜਗਤਾਰ ਸਿੰਘ ਜੱਗਾ ਵਾਸੀ ਰੋੜੀ ਦੀ ਤਬੀਅਤ ਖ਼ਰਾਬ ਹੋ ਗਈ ਸੀ ਅਤੇ ਉਸ ਨੂੰ ਜੇਲ੍ਹ ਹਸਪਤਾਲ ਲਿਜਾਇਆ ਗਿਆ ਸੀ। ਬਾਅਦ ’ਚ ਉਸ ਨੂੰ ਸਿਵਲ ਹਸਪਤਾਲ ਬਠਿੰਡਾ ਲਿਜਾਇਆ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੈਡੀਕਲ ਕਾਲਜ ਫਰੀਦਕੋਟ ਭੇਜ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮੌਕੇ ’ਤੇ ਪੁਲਿਸ ਨੇ 176 ਸੀ.ਆਰ.ਪੀ.ਸੀ. ਆਈਪੀਸੀ ਤਹਿਤ ਕਾਰਵਾਈ ਕੀਤੀ ਗਈ ਸੀ ਪਰ ਮਾਮਲੇ ਨੇ ਜ਼ੋਰ ਫੜਨ ਤੋਂ ਬਾਅਦ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਸਨ। 

ਨਿਆਂਇਕ ਜਾਂਚ ਅਤੇ ਪੋਸਟ ਮਾਰਟਮ ਰਿਪੋਰਟ ਦੇ ਵੇਰਵਿਆਂ ਦੀ ਘੋਖ ਕਰਨ ਤੋਂ ਬਾਅਦ ਪਤਾ ਲੱਗਾ ਕਿ ਜਗਤਾਰ ਸਿੰਘ ਜੱਗਾ ਦੀ ਜੇਲ੍ਹ ਵਿਚ ਹੀ ਗਲਾ ਘੁੱਟ ਕਿ ਹੱਤਿਆ ਕੀਤੀ ਗਈ ਸੀ। ਇਹ ਮਾਮਲਾ 5 ਸਾਲ ਬਾਅਦ ਸਾਹਮਣੇ ਆਇਆ ਹੈ। ਜੇ.ਐਮ.ਆਈ.ਸੀ. ਫਰੀਦਕੋਟ ਸੁਰੇਸ਼ ਕੁਮਾਰ ਪੀ.ਸੀ.ਐਸ. ਨੇ ਪੁਲਸ ਨੂੰ ਇਸ ਮਾਮਲੇ ਵਿਚ ਕਤਲ ਦਾ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਥਾਣਾ ਕੈਂਟ ਦੀ ਪੁਲੀਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News