ਕੇਜਰੀਵਾਲ ''ਤੇ ਭੜਕੀ ਭਾਜਪਾ, ਵਿਜੇਂਦਰ ਗੁਪਤਾ ਨੇ ਦਰਜ ਕਰਵਾਈ ਸ਼ਿਕਾਇਤ

Sunday, May 19, 2019 - 10:44 PM (IST)

ਕੇਜਰੀਵਾਲ ''ਤੇ ਭੜਕੀ ਭਾਜਪਾ, ਵਿਜੇਂਦਰ ਗੁਪਤਾ ਨੇ ਦਰਜ ਕਰਵਾਈ ਸ਼ਿਕਾਇਤ

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ 'ਚ ਵਿਰੋਧੀ ਨੇਤਾ ਵਿਜੇਂਦਰ ਗੁਪਤਾ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ ਪਾਰਲੀਮੈਂਟ ਸਟ੍ਰੀਟ ਪੁਲਸ ਸਟੇਸ਼ਨ 'ਚ ਲਿਖਤ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਮੇਰੇ ਖਿਲਾਫ ਸੋਸ਼ਲ ਮੀਡੀਆ ਦੇ ਰਾਹੀਂ ਝੂਠ ਫੈਲਾ ਕੇ ਮੇਰੇ 'ਤੇ ਜਾਣਬੁੱਝ ਕੇ ਅਪਰਾਧਿਕ ਮਾਮਲੇ ਬਣਵਾ ਕੇ ਜੇਲ ਭੇਜਣ ਦੀ ਸਾਜ਼ਿਸ਼ ਰਚ ਰਹੇ ਹਨ।

ਗੁਪਤਾ ਨੇ ਦੱਸਿਆ ਕਿ ਕੇਜਰੀਵਾਲ ਚੋਣ ਦਾ ਲਾਭ ਲੈਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਤੇ ਇਹ ਸਾਰੀਆਂ ਘਟਨਾਵਾਂ ਇਸ ਦਾ ਜਿਊਂਦਾ ਜਾਗਦਾ ਉਦਾਹਰਣ ਹਨ। ਨਾਲ ਹੀ ਕਿਹਾ ਕਿ ਆਉਣ ਵਾਲੇ ਸਮੇਂ 'ਚ ਵੀ ਨਵੇਂ-ਨਵੇਂ ਪੈਂਤਰੇ ਦੇਖਣ ਨੂੰ ਮਿਲਣਗੇ। ਕੇਜਰੀਵਾਲ ਇਹ ਸਭ ਝੂਠ ਸੋਚ ਸਮਝ ਕੇ ਫੈਲਾ ਰਹੇ ਹਨ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਦਾ ਹਸ਼ਰ ਹੋਰ ਵੀ ਮਾੜਾ ਹੋਣ ਵਾਲਾ ਹੈ, ਇਸ ਤੋਂ ਬਚਣ ਲਈ ਇਹ ਸਾਰੇ ਪੈਂਤਰੇ ਅਪਣਾਏ ਜਾ ਰਹੇ ਹਨ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨ ਆਪਣੇ ਕਤਲ ਦੀ ਸਾਜ਼ਿਸ਼ ਦਾ ਦੋਸ਼ ਭਾਜਪਾ 'ਤੇ ਲਾਇਆ ਸੀ। ਕੇਜਰੀਵਾਲ ਨੇ ਕਿਹਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਤਰ੍ਹਾਂ ਮੇਰੇ ਵੀ ਸੁਰੱਖਿਆ ਕਰਮਚਾਰੀ ਮੇਰੀ ਹੱਤਿਆ ਕਰ ਸਕਦੇ ਹਨ। ਕੇਜਰੀਵਾਲ ਨੇ ਕਿਹਾ ਸੀ ਕਿ ਭਾਜਪਾ ਉਨ੍ਹਾਂ ਦੇ ਬਾਡੀਗਾਰਡ ਦੇ ਰਾਹੀਂ ਉਨ੍ਹਾਂ ਦੀ ਹੱਤਿਆ ਕਰਵਾ ਸਕਦੀ ਹੈ। ਇਸ 'ਤੇ ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਭਾਜਪਾ ਦੇ ਨੇਤਾ ਵਿਜੇਂਦਰ ਗੁਪਤਾ 'ਤੇ ਹਮਲੇ ਦੀ ਸਾਜ਼ਿਸ਼ 'ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ।


author

Baljit Singh

Content Editor

Related News