ਬੈਂਗਲੁਰੂ ਹਿੰਸਾ: ਕ੍ਰਾਈਮ ਬ੍ਰਾਂਚ ਨੇ SDPI ਦੇ ਦਫ਼ਤਰ ''ਚ ਚਲਾਇਆ ਸਰਚ ਮੁਹਿੰਮ

Tuesday, Sep 01, 2020 - 09:46 PM (IST)

ਨਵੀਂ ਦਿੱਲੀ - ਬੈਂਗਲੁਰੂ 'ਚ ਅਗਸਤ ਮਹੀਨੇ 'ਚ ਹੋਈ ਹਿੰਸਾ ਦੇ ਮਾਮਲੇ 'ਚ ਬੈਂਗਲੁਰੂ ਦੀ ਸੈਂਟਰਲ ਕ੍ਰਾਈਮ ਬ੍ਰਾਂਚ  (ਸੀ.ਸੀ.ਬੀ.) ਨੇ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ (ਐੱਸ.ਡੀ.ਪੀ.ਆਈ.) ਦੇ ਦਫ਼ਤਰਾਂ 'ਤੇ ਸਰਚ ਮੁਹਿੰਮ ਚਲਾਈ। ਇਸ ਦੇ ਲਈ ਪੁਲਸ ਨੇ ਕੋਰਟ ਤੋਂ ਵਾਰੰਟ ਲਿਆ ਸੀ ਜਿਸ ਤੋਂ ਬਾਅਦ ਪੁਲਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਪੂਰਬੀ ਬੈਂਗਲੁਰੂ ਦੇ ਡੀ.ਜੀ. ਹੱਲੀ ਅਤੇ ਕੇਜੀ ਹੱਲੀ ਇਲਾਕੇ 'ਚ 11 ਅਗਸਤ ਦੀ ਰਾਤ ਇੱਕ ਫੇਸਬੁੱਕ ਪੋਸਟ ਨੂੰ ਲੈ ਕੇ ਹਿੰਸਾ ਭੜਕ ਗਈ ਸੀ। 
ਦੋਸ਼ ਸੀ ਕਿ ਬੈਂਗਲੁਰੂ ਤੋਂ ਕਾਂਗਰਸ ਦੇ ਦਲਿਤ ਵਿਧਾਇਕ ਅਖੰਡ ਸ਼੍ਰੀਨਿਵਾਸ ਮੂਰਤੀ ਦੇ ਇੱਕ ਰਿਸ਼ਤੇਦਾਰ ਨਵੀਨ ਨੇ ਫੇਸਬੁੱਕ 'ਤੇ ਇਤਰਾਜ਼ਯੋਗ ਪੋਸਟ ਪਾਈ ਸੀ। ਇਸ ਦੇ ਖਿਲਾਫ ਭੜਕੇ ਲੋਕ ਥਾਣੇ ਪੁੱਜੇ ਅਤੇ ਪੁਲਸ ਤੋਂ ਕਾਰਵਾਈ ਦੀ ਮੰਗ ਕੀਤੀ। ਇਸ ਦੌਰਾਨ ਭੀੜ ਭੜਕ ਗਈ ਅਤੇ ਥਾਣੇ ਦੇ ਬਾਹਰ ਖੜ੍ਹੀਆਂ ਗੱਡੀਆਂ 'ਚ ਅੱਗ ਲਗਾ ਦਿੱਤੀ। ਇੱਕ ਦੂਜੀ ਭੀੜ ਕਾਂਗਰਸ ਵਿਧਾਇਕ ਦੇ ਘਰ ਪਹੁੰਚ ਗਈ ਅਤੇ ਭੰਨ-ਤੋੜ ਸ਼ੁਰੂ ਕਰਦੇ ਹੋਏ ਅੱਗ ਲਗਾ ਦਿੱਤੀ।

ਗੋਲੀਬਾਰੀ 'ਚ ਹੋਈ ਸੀ ਤਿੰਨ ਦੀ ਮੌਤ ਪੁਲਸ ਨੂੰ ਹਿੰਸਾ ਰੋਕਣ ਲਈ ਗੋਲੀਬਾਰੀ ਕਰਨੀ ਪਈ ਸੀ ਜਿਸ 'ਚ ਤਿੰਨ ਲੋਕ ਮਾਰੇ ਗਏ ਸਨ। ਮਾਮਲੇ 'ਚ ਕਾਂਗਰਸ ਵਿਧਾਇਕ ਅਖੰਡ ਸ਼੍ਰੀਨਿਵਾਸ ਮੂਰਤੀ ਨੇ ਵੀਡੀਓ ਜਾਰੀ ਕਰ ਮੁਸਲਮਾਨ ਸਮੁਦਾਏ ਤੋਂ ਸ਼ਾਂਤੀ ਦੀ ਅਪੀਲ ਕੀਤੀ ਸੀ। ਵਿਧਾਇਕ ਨੇ ਵੀਡੀਓ ਸੁਨੇਹੇ 'ਚ ਮੁਸਲਮਾਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਉਨ੍ਹਾਂ ਦੇ ਨਾਲ ਹਨ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਗੇ। ਘਟਨਾ ਦੇ ਇੱਕ ਦਿਨ ਬਾਅਦ ਸੂਬੇ ਦੇ ਗ੍ਰਹਿ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਸੀ ਕਿ ਹਿੰਸਾ 'ਚ ਸ਼ਾਮਲ ਹੋਣ ਨੂੰ ਲੈ ਕੇ ਸਰਕਾਰ ਪੀ.ਐੱਫ.ਆਈ. ਅਤੇ ਐੱਸ.ਡੀ.ਪੀ.ਆਈ. ਵਰਗੇ ਸੰਗਠਨਾਂ 'ਤੇ ਰੋਕ ਲਗਾਉਣ 'ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਸੀ ਕਿ ਪੁਲਸ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ। ਕੋਈ ਕਿੰਨਾ ਵੀ ਵੱਡਾ ਵਿਅਕਤੀ ਕਿਉਂ ਨਾ ਹੋਵੇ, ਅਸੀਂ ਯਕੀਨੀ ਕਰਾਂਗੇ ਕਿ ਸਖ਼ਤ ਕਾਰਵਾਈ ਹੋਵੇ। ਮਾਮਲੇ 'ਚ ਪੁਲਸ ਨੇ ਐੱਸ.ਡੀ.ਪੀ.ਆਈ. ਦੇ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।


Inder Prajapati

Content Editor

Related News