ਮਾਮਲਾ ਬਰੇਲੀ ’ਚ ਹੋਈ ਹਿੰਸਾ ਦਾ : ਮੌਲਾਨਾ ਤੌਕੀਰ ਰਜ਼ਾ ਦੇ ਕਰੀਬੀ ਨਦੀਮ ਖਾਨ ਸਮੇਤ 28 ਗ੍ਰਿਫ਼ਤਾਰ
Monday, Sep 29, 2025 - 11:55 PM (IST)

ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ ’ਚ ਸ਼ੁੱਕਰਵਾਰ ਹੋਈ ਹਿੰਸਾ ਸਬੰਧੀ ਪੁਲਸ ਨੇ ਮੌਲਾਨਾ ਤੌਕੀਰ ਰਜ਼ਾ ਦੇ ਕਰੀਬੀ ਸਾਥੀ ਨਦੀਮ ਖਾਨ ਤੇ 28 ਹੋਰ ਵਿਅਕਤੀਆਂ ਨੂੰ ਸੋਮਵਾਰ ਗ੍ਰਿਫ਼ਤਾਰ ਕੀਤਾ। ਹੁਣ ਤੱਕ ਕੁੱਲ 56 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਬਰੇਲੀ ਦੇ ਐੱਸ. ਐੱਸ. ਪੀ. ਅਨੁਰਾਗ ਆਰੀਆ ਨੇ ਦੱਸਿਆ ਕਿ 26 ਸਤੰਬਰ ਨੂੰ ਕੋਤਵਾਲੀ ਥਾਣਾ ਖੇਤਰ ’ਚ ਵਾਪਰੀਆਂ ਘਟਨਾਵਾਂ ਦੇ ਸਬੰਧ ’ਚ 10 ਐੱਫ. ਆਈ. ਆਰਜ਼. ਦਰਜ ਕੀਤੀਆਂ ਗਈਆਂ ਹਨ। ਪੁਲਸ ਨੇ ਇਹ ਯਕੀਨੀ ਬਣਾਇਆ ਕਿ ਸ਼ਹਿਰ ’ਚ ਕਿਤੇ ਵੀ ਭੀੜ ਇਕੱਠੀ ਨਾ ਹੋਵੇ।
ਉਨ੍ਹਾਂ ਕਿਹਾ ਕਿ ਹਿੰਸਾ ਦੀ ਯੋਜਨਾ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ.ਸੀ.ਆਰ.) ਵਿਰੋਧ ਪ੍ਰਦਰਸ਼ਨਾਂ ਦੀ ਤਰਜ਼ 'ਤੇ ਬਣਾਈ ਗਈ ਸੀ। ਨਦੀਮ ਖਾਨ ਨੇ ਕਥਿਤ ਤੌਰ ’ਤੇ ਵ੍ਹਟਸਐਪ ਰਾਹੀਂ 55 ਲੋਕਾਂ ਨੂੰ ਫ਼ੋਨ ਕੀਤਾ, ਜਿਸ ਨਾਲ ਲਗਭਗ 1,600 ਲੋਕਾਂ ਦੀ ਭੀੜ ਇਕੱਠੀ ਹੋਈ। ਖਲੀਲ ਸਕੂਲ ਸਕੁਏਅਰ ਤੇ ਸ਼ਿਆਮਗੰਜ ਖੇਤਰਾਂ ’ਚ ਅਸ਼ਾਂਤੀ ਪੈਦਾ ਕਰਨ ਦੀ ਯੋਜਨਾ ਬਣਾਈ ਗਈ। ਉਸ ਨੇ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਸ਼ੁਰੂ ’ਚ ਭਰੋਸਾ ਦਿੱਤਾ ਗਿਅਾ ਸੀ ਕਿ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਹੋਵੇਗਾ, ਪਰ ਬਾਅਦ ’ਚ ਇਹ ਗਲਤ ਸਾਬਿਤ ਹੋਇਅਾ।
ਇਸ ਮਾਮਲੇ ’ਚ ਮੌਲਾਨਾ ਤੌਕੀਰ ਰਜ਼ਾ ਸਮੇਤ 180 ਨਾਮਜ਼ਦ ਤੇ 3,000 ਅਣਪਛਾਤੇ ਮੁਲਜ਼ਮਾਂ ਵਿਰੁੱਧ ਦੰਗਾ, ਪੱਥਰਾਅ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਰਗੀਆਂ ਧਾਰਾਵਾਂ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਬਰੇਲੀ ਤੇ ਆਲੇ ਦੁਆਲੇ ਦੇ ਜ਼ਿਲਿਆਂ ’ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਨਾਜ਼ੁਕ ਖੇਤਰਾਂ ’ਚ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।