ਹੈਰੋਇਨ ਸਮੇਤ ਸਮੱਗਲਰ ਕਾਬੂ, ਦੋ ਦਿਨ ਦਾ ਪੁਲਸ ਰਿਮਾਂਡ

Thursday, Feb 19, 2026 - 06:11 PM (IST)

ਹੈਰੋਇਨ ਸਮੇਤ ਸਮੱਗਲਰ ਕਾਬੂ, ਦੋ ਦਿਨ ਦਾ ਪੁਲਸ ਰਿਮਾਂਡ

ਮੋਗਾ (ਆਜ਼ਾਦ) : ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਸੀ. ਆਈ. ਏ. ਸਟਾਫ਼ ਮੋਗਾ ਨੇ ਇਕ ਸਮੱਗਲਰ ਨੂੰ ਕਾਬੂ ਕਰਕੇ ਉਸ ਕੋਲੋਂ ਭਾਰੀ ਮਾਤਰਾ ਵਿਚ ਹੈਰੋਇਨ ਬਰਾਮਦ ਕੀਤੀ, ਜਿਸ ਖ਼ਿਲਾਫ ਥਾਣਾ ਅਜੀਤਵਾਲ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧ ਵਿਚ ਅਗਲੇਰੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਅਨਵਰ ਅਲੀ ਨੇ ਕਿਹਾ ਕਿ ਸੀ. ਆਈ. ਏ. ਸਟਾਫ਼ ਮੋਗਾ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰਦੇ ਹੋਏ ਢੁੱਡੀਕੇ ਕਾਲਜ ਦੇ ਸਟੇਡੀਅਮ ਕੋਲ ਮੌਜੂਦ ਸਨ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਲਵਪ੍ਰੀਤ ਸਿੰਘ ਨਿਵਾਸੀ ਪਿੰਡ ਕੋਕਰੀ ਬੁੱਟਰ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਅੱਜ ਵੀ ਉਹ ਪਿੰਡ ਮੱਦੋਕੇ ’ਤੇ ਪਿੰਡ ਬੁੱਟਰ ਨੂੰ ਜਾਂਦੀ ਲਿੰਕ ਰੋਡ ’ਤੇ ਖੜ੍ਹੇ ਚੁਰੱਸਤੇ ਕੋਲ ਆਪਣੇ ਗ੍ਰਾਹਕਾਂ ਦੀ ਉਡੀਕ ਕਰ ਰਿਹਾ ਹੈ।

ਇਸ ਉਪਰੰਤ ਉਨ੍ਹਾਂ ਸਹਾਇਕ ਥਾਣੇਦਾਰ ਵੀਰਪਾਲ ਕੌਰ ਅਤੇ ਪੁਲਸ ਪਾਰਟੀ ਸਮੇਤ ਦੱਸੀ ਗਈ ਜਗ੍ਹਾ ’ਤੇ ਛਾਪੇਮਾਰੀ ਕਰ ਕੇ ਲਵਪ੍ਰੀਤ ਸਿੰਘ ਨਿਵਾਸੀ ਪਿੰਡ ਕੋਕਰੀ ਬੁੱਟਰਾਂ ਨੂੰ ਜਾ ਦਬੋਚਿਆ ਅਤੇ ਉਸ ਕੋਲੋਂ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ ਕਥਿਤ ਮੁਲਜਮ ਨੂੰ ਪੁੱਛ-ਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। 

ਇਸੇ ਤਰ੍ਹਾਂ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਬੀਤੀ ਰਾਤ ਗਸ਼ਤ ਦੌਰਾਨ ਗੁਪਤ ਸੂਚਨਾ ਦੇ ਆਧਾਰ ’ਤੇ ਤਰਸੇਮ ਸਿੰਘ ਉਰਫ ਸੋਨੂੰ ਨਿਵਾਸੀ ਪਿੰਡ ਕੋਟ ਸਦਰ ਖਾਂ ਅਤੇ ਦਿਲਸ਼ਾਨ ਸਿੰਘ ਉਰਫ ਵਨਿਸ਼ ਨਿਵਾਸੀ ਪਿੰਡ ਰਟੋਲ ਬੇਟ ਫਿਰੋਜ਼ਪੁਰ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਿਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਲਛਮਣ ਸਿੰਘ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਨੂੰ ਪੁੱਛ-ਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


author

Gurminder Singh

Content Editor

Related News