ਕੈਂਪਸ ਅੰਦਰ ਸਕੂਲੀ ਬੱਸ ਨੇ 6 ਸਾਲ ਦੇ ਵਿਦਿਆਰਥੀ ਨੂੰ ਕੁਚਲਿਆ, ਮੌਤ

Thursday, May 05, 2022 - 03:39 PM (IST)

ਬਾਗਪਤ– ਉੱਤਰ ਪ੍ਰਦੇਸ਼ ਦੇ ਬਾਗਪਤ ’ਚ ਸਕੂਲ ਬੱਸ ਦੀ ਲਪੇਟ ’ਚ ਆਉਣ ਨਾਲ 6 ਸਾਲ ਦੇ ਮਾਸੂਮ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਕੂਲ ਕੈਂਪਸ ’ਚ ਬੱਸ ਨੂੰ ਬੈਕ ਕਰਨ ਦੌਰਾਨ ਇਹ ਹਾਦਸਾ ਵਾਪਰਿਆ। ਬੱਚੇ ਦੇ ਪਰਿਵਾਰ ਨੂੰ ਜਦੋਂ ਇਸ ਜਾਣਕਾਰੀ ਮਿਲੀ ਤਾਂ ਘਰ ’ਚ ਚੀਕ-ਚਿਹਾੜਾ ਪੈ ਗਿਆ। ਪਰਿਵਾਰ ਨੇ ਸਕੂਲ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਬੱਚੇ ਦਾ ਪੋਸਟਮਾਰਟਮ ਕਰਾਉਣ ਤੋਂ ਵੀ ਇਨਕਾਰ ਕਰ ਦਿੱਤਾ ਹੈ।

ਜਾਣਕਾਰੀ ਮੁਤਾਬਕ ਬਾਗਪਤ ਜ਼ਿਲ੍ਹੇ ਦੇ ਚਾਂਦੀਨਗਰ ਥਾਣਾ ਖੇਤਰ ਦੇ ਚਮਰਾਵਾਲ ਪਿੰਡ ’ਚ ਵੀਰਵਾਰ ਨੂੰ ਸਕੂਲ ਕੈਂਪਸ ਦੇ ਅੰਦਰ ਸਕੂਲ ਬੱਸ ਨੇ ਪਹਿਲੀ ਜਮਾਤ ਦੇ ਵਿਦਿਆਰਥੀ ਨੂੰ ਕੁਚਲ ਦਿੱਤਾ, ਜਿਸ ਕਾਰਨ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਤੋਂ ਗੁੱਸੇ ’ਚ ਆਏ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਜੰਮ ਕੇ ਹੰਗਾਮਾ ਕੀਤਾ। ਸੂਚਨਾ ’ਤੇ ਮੌਕੇ ’ਤੇ ਪਹੁੰਚ ਨੇ ਬਹੁਤ ਮੁਸ਼ਕਲ ਨਾਲ ਹੰਗਾਮਾ ਕਰ ਰਹੇ ਲੋਕਾਂ ਨੂੰ ਸਮਝਾ ਕੇ ਸ਼ਾਂਤ ਕੀਤਾ।

ਬਾਗਪਤ ਦੇ ਐੈੱਸ. ਪੀ ਨੀਰਜ ਕੁਮਾਰ ਜਾਦੌਨ ਨੇ ਦੱਸਿਆ ਕਿ ਇਹ ਹਾਦਸਾ ਵੀਰਵਾਰ ਸਵੇਰੇ ਸਕੂਲ ਦੇ ਅੰਦਰ ਉਸ ਸਮੇਂ ਵਾਪਰਿਆ ਜਦੋਂ ਪਿੰਡ ਚਮਰਾਵਾਲ ਵਾਸੀ ਅਰੁਣ ਦਾ 6 ਸਾਲਾ ਪੁੱਤਰ ਆਯੂਸ਼ ਰਾਇਲ ਕਾਨਵੈਂਟ ਇੰਟਰ ਕਾਲਜ ਕੈਂਪਸ ਦੇ ਮੁੱਖ ਗੇਟ ਕੋਲ ਖੜ੍ਹਾ ਸੀ। ਸਕੂਲੀ ਵਾਹਨ ਨੇ ਉਸ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਐੱਸ. ਪੀ. ਮੁਤਾਬਕ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਕੇ ਰਿਸ਼ਤੇਦਾਰਾਂ ਦੀ ਸ਼ਿਕਾਇਤ ’ਤੇ ਸਕੂਲ ਪ੍ਰਬੰਧਕ ਅਤੇ ਬੱਸ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਚਾਂਦੀਨਗਰ ਦੇ ਪੁਲਸ ਇੰਸਪੈਕਟਰ ਜਨਕ ਸਿੰਘ ਚੌਹਾਨ ਨੇ ਦੱਸਿਆ ਕਿ ਆਯੂਸ਼ ਇਸੇ ਪਿੰਡ ਦੇ ਰਾਇਲ ਕਾਨਵੈਂਟ ਇੰਟਰ ਕਾਲਜ ਵਿਚ ਪਹਿਲੀ ਜਮਾਤ ਦਾ ਵਿਦਿਆਰਥੀ ਸੀ।


Tanu

Content Editor

Related News