ਬਦਲਾਪੁਰ ਪੁਲਸ ਮੁਕਾਬਲਾ : ਹਾਈਕੋਰਟ ਨੇ ਪੁਲਸ ਕੋਲੋਂ ਪੁੱਛਿਆ-ਸਿਰ ’ਚ ਕਿਉਂ ਗੋਲੀ ਮਾਰੀ?

Thursday, Sep 26, 2024 - 03:32 PM (IST)

ਮੁੰਬਈ- ਮਹਾਰਾਸ਼ਟਰ ਦੇ ਬਦਲਾਪੁਰ ਪੁਲਸ ਮੁਕਾਬਲੇ ’ਚ ਜਬਰ-ਜ਼ਨਾਹ ਮਾਮਲੇ ਦੇ ਮੁਲਜ਼ਮ ਅਕਸ਼ੈ ਸ਼ਿੰਦੇ ਦੇ ਮਾਰੇ ਜਾਣ ਨੂੰ ਲੈ ਕੇ ਬੰਬੇ ਹਾਈ ਕੋਰਟ ਨੇ ਮਹਾਰਾਸ਼ਟਰ ਪੁਲਸ ਕੋਲੋਂ ਕਈ ਗੰਭੀਰ ਸਵਾਲ ਪੁੱਛੇ। ਅਦਾਲਤ ਨੇ ਇਹ ਸਵਾਲ ਮੁਲਜ਼ਮ ਦੇ ਪਿਤਾ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਪੁੱਛੇ।

ਅਦਾਲਤ ਨੇ ਪੁਲਸ ਦੀ ਕਾਰਜਸ਼ੈਲੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪੁਲਸ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਬਹੁਤ ਚੰਗੇ ਢੰਗ ਨਾਲ ਸਿਖਲਾਈ ਦਿੱਤੀ ਜਾਂਦੀ ਹੈ। ਅਜਿਹੇ ’ਚ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਆਖਿਰ ਮੁਲਜ਼ਮ ਦੇ ਸਿਰ ’ਚ ਗੋਲੀ ਕਿਉਂ ਮਾਰੀ ਗਈ? ਪੁਲਸ ਨੂੰ ਤਾਂ ਬਕਾਇਦਾ ਇਹ ਸਿਖਾਇਆ ਜਾਂਦਾ ਹੈ ਕਿ ਮੁਲਜ਼ਮ ਦੇ ਸਰੀਰ ਦੇ ਕਿਹੜੇ ਅੰਗ ’ਤੇ ਗੋਲੀ ਮਾਰਨੀ ਹੈ। ਅਜਿਹੀ ਹਾਲਤ ’ਚ ਪੁਲਸ ਨੂੰ ਮੁਲਜ਼ਮ ਦੇ ਪੈਰ ਜਾਂ ਹੱਥ ’ਤੇ ਗੋਲੀ ਮਾਰਨੀ ਚਾਹੀਦੀ ਸੀ।

ਅਦਾਲਤ ਨੇ ਪੁੱਛਿਆ ਕਿ ਜਦੋਂ ਇਹ ਮੁਕਾਬਲਾ ਹੋਇਆ, ਉਦੋਂ ਪੁਲਸ ਵਾਲੇ ਵਰਦੀ ’ਚ ਨਹੀਂ ਸੀ। ਪਿਸਤੌਲ ਖੱਬੇ ਪਾਸੇ ਸੀ। ਜਦੋਂ ਉਹ (ਮ੍ਰਿਤਕ) ਗੱਡੀ ’ਚ ਸੀ ਤਾਂ ਬੰਦੂਕ ਲਾਕ ਸੀ। ਮੁਲਜ਼ਮ ਨੇ ਜਦੋਂ ਪੁਲਸ ਕੋਲੋਂ ਜਬਰੀ ਬੰਦੂਕ ਖੋਹੀ ਤਾਂ ਉਹ ਅਨਲਾਕ ਹੋ ਗਈ। ਅਦਾਲਤ ਨੇ ਕਿਹਾ ਕਿ ਇਸ ਸਾਰੀ ਸਥਿਤੀ ’ਤੇ ਯਕੀਨ ਕਰ ਸਕਣਾ ਔਖਾ ਹੋ ਰਿਹਾ ਹੈ ਕਿਉਂਕਿ ਬੰਦੂਕ ਨੂੰ ਖੋਹਣ ਲਈ ਮੁਲਜ਼ਮ ਕੋਲ ਤਾਕਤ ਹੋਣੀ ਜ਼ਰੂਰੀ ਹੈ। ਇਕ ਕਮਜ਼ੋਰ ਆਦਮੀ ਗੋਲੀ ਨਹੀਂ ਚਲਾ ਸਕਦਾ। ਇਸ ਲਈ ਤਾਕਤ ਦੀ ਲੋੜ ਹੁੰਦੀ ਹੈ ਅਤੇ ਰਿਵਾਲਵਰ ਤੋਂ ਗੋਲੀ ਚਲਾਉਣੀ ਸੌਖੀ ਨਹੀਂ ਹੈ।

ਅਦਾਲਤ ਨੇ ਕਿਹਾ ਕਿ ਜਾਂਚ ਨਿਰਪੱਖਤਾ ਨਾਲ ਕੀਤੀ ਜਾਣੀ ਚਾਹੀਦੀ ਹੈ। ਜੇਕਰ ਸਾਨੂੰ ਪਤਾ ਲੱਗਾ ਕਿ ਅਜਿਹਾ ਨਹੀਂ ਹੋਇਆ ਤਾਂ ਅਸੀਂ ਉਚਿਤ ਹੁਕਮ ਪਾਸ ਕਰਨ ਲਈ ਮਜਬੂਰ ਹੋਵਾਂਗੇ। ਬੈਂਚ ਨੇ ਮਾਮਲੇ ਨੂੰ 3 ਅਕਤੂਬਰ ਨੂੰ ਅਗਲੀ ਸੁਣਵਾਈ ਲਈ ਸੂਚੀਬੱਧ ਕੀਤਾ ਹੈ।


Tanu

Content Editor

Related News