ਬੇਕਾਬੂ ਟੋਇਟਾ ਹਿਲਕਸ ਨੇ ਪੁਲਸ ਬੈਰੀਕੇਡ ਨੂੰ ਮਾਰੀ ਟੱਕਰ, ਵਾਲ-ਵਾਲ ਬਚੇ ਮੁਲਾਜ਼ਮ
Saturday, Feb 28, 2026 - 10:41 PM (IST)
ਜਮਸ਼ੇਰ ਖਾਸ (ਜ. ਬ.) - ਥਾਣਾ ਸਦਰ ਜਲੰਧਰ ਅਧੀਨ ਅੱਜ ਬਾਅਦ ਦੁਪਹਿਰ ਮਹਿਕ ਰੈਸਟੋਰੈਂਟ ਨੇੜੇ ਬਣੀ ਪੁਲਸ ਚੈੱਕ ਪੋਸਟ ਕੋਲ ਇਕ ਬੇਕਾਬੂ ਟੋਇਟਾ ਹਿਲਕਸ (ਪਿੱਕਅੱਪ) ਗੱਡੀ ਨੇ ਬੈਰੀਕੇਡ ਅਤੇ ਖੰਭੇ ਨੂੰ ਸਿੱਧੀ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਗੱਡੀ ਨੂੰ ਕਾਫ਼ੀ ਨੁਕਸਾਨ ਪਹੁੰਚਿਆ।
ਮਿਲੀ ਜਾਣਕਾਰੀ ਅਨੁਸਾਰ ਕਰੀਬ ਸਾਢੇ ਚਾਰ ਵਜੇ ਰਾਸ਼ਟਰੀ ਮਾਰਗ ਤੋਂ ਕਸਬਾ ਜਮਸ਼ੇਰ ਵੱਲ ਜਾਂਦੀ ਬਾਈਪਾਸ ਸੜਕ ’ਤੇ, ਜਲੰਧਰ ਸਾਈਡ ਸਥਿਤ ਪੁਲਸ ਚੈੱਕ ਪੋਸਟ ਦੇ ਬੈਰੀਕੇਡ ਅਤੇ ਖੰਭੇ ਨਾਲ ਗੱਡੀ ਨੰਬਰ PB-11-DK-7913 ਟੋਇਟਾ ਹਿਲਕਸ ਟਕਰਾ ਗਈ। ਜ਼ਿਕਰਯੋਗ ਹੈ ਕਿ ਇਸ ਸਥਾਨ ’ਤੇ ਰੋਜ਼ਾਨਾ ਵਿਸ਼ੇਸ਼ ਨਾਕਾਬੰਦੀ ਹੁੰਦੀ ਹੈ ਅਤੇ ਪੁਲਸ ਮੁਲਾਜ਼ਮ ਡਿਊਟੀ ’ਤੇ ਮੌਜੂਦ ਰਹਿੰਦੇ ਹਨ। ਖੁਸ਼ਕਿਸਮਤੀ ਨਾਲ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਸ ਸਬੰਧੀ ਜਦੋਂ ਸ਼ਾਮ ਦੌਰਾਨ ਨਾਕਾਬੰਦੀ ਮੌਕੇ ਪਹੁੰਚੇ ਥਾਣਾ ਸਦਰ ਜਲੰਧਰ ਦੇ ਮੁਖੀ ਸੰਜੀਵ ਕੁਮਾਰ ਸੂਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਅਜਿਹੀ ਕੋਈ ਜਾਣਕਾਰੀ ਨਹੀਂ ਹੈ। ਘਟਨਾ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਚਰਚਾ ਹੈ ਅਤੇ ਮਾਮਲੇ ਸਬੰਧੀ ਹੋਰ ਜਾਂਚ ਦੀ ਉਮੀਦ ਜਤਾਈ ਜਾ ਰਹੀ ਹੈ।
