ਇਸਰੋ ਨੂੰ ਮਿਲ ਰਹੀਆਂ ਸ਼ੁੱਭਕਾਮਨਾਵਾਂ, ਕਲਾਕਾਰ ਨੇ ਰੇਤ 'ਤੇ ਚੰਦਰਯਾਨ-3 ਬਣਾ ਕੇ ਲਿਖਿਆ- ਜੈ ਹੋ ਇਸਰੋ
Wednesday, Aug 23, 2023 - 03:46 PM (IST)
ਨੈਸ਼ਨਲ ਡੈਸਕ- ਭਾਰਤ ਲਈ ਅੱਜ ਦਾ ਦਿਨ ਵੱਡਾ ਇਤਿਹਾਸਕ ਦਿਨ ਹੋਣ ਜਾ ਰਿਹਾ ਹੈ। ਭਾਰਤ ਦਾ ਚੰਦਰਯਾਨ-3 ਦਾ ਲੈਂਡਰ ਮਾਡਿਊਲ ਅੱਜ ਸ਼ਾਮ ਨੂੰ ਚੰਨ ਦੀ ਸਤਿਹ 'ਤੇ ਉਤਰਨ ਲਈ ਤਿਆਰ ਹੈ। ਇਸ ਵਿਚ ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਚੰਦਰਯਾਨ-3 ਦੀ ਮੂਰਤੀ ਬਣਾ ਕੇ ਸਹੀ ਲੈਂਡਿੰਗ ਹੋਣ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਬੁੱਧਵਾਰ ਨੂੰ ਡੇਨਵਰ, ਕੋਲੋਰਾਡੋ 'ਚ ਇਕ ਲਘੁ ਰੇਤ ਦੀ ਮੂਰਤੀ ਬਣਾਈ। ਪਟਨਾਇਕ ਨੇ ਆਪਣੀ ਇਸ ਕਲਾਕ੍ਰਿਤੀ 'ਚ ਇਕ ਰਾਸ਼ਟਰੀ ਝੰਡਾ, ਇਸਰੋ ਦਾ ਲੋਗੋ, ਚੰਦਰਯਾਨ-3 ਲਾਂਚਿੰਗ ਦੀ ਤਸਵੀਰ ਨਾਲ ਚੰਨ ਦੇ ਕਰੀਬ ਚੰਦਰਯਾਨ-3 ਪੁਲਾੜ ਯਾਨ ਅਤੇ ਆਲ ਦਿ ਬੈਸਟ ਚੰਦਰਯਾਨ ਨਾਲ 'ਜੈ ਹੋ ਇਸਰੋ' ਲਿਖਿਆ ਹੋਇਆ ਹੈ। ਕੋਲੋਰਾਡੋ ਦੀ ਰਹਿਣ ਵਾਲੀ ਸੋਨਾਲੀ ਆਹੂਜਾ ਜੋ ਇਸ ਰੇਤ ਕਲਾ ਬਣਾਉਂਦੇ ਸਮੇਂ ਉਨ੍ਹਾਂ ਨਾਲ ਸੀ, ਨੇ ਕਿਹਾ ਕਿ ਉਨ੍ਹਾਂ ਨੂੰ ਕਲਾਕਾਰ ਪਦਮ ਸ਼੍ਰੀ ਸੁਦਰਸ਼ਨ ਪਟਨਾਇਕ ਦੀ ਇਸ ਅਦਭੁੱਤ ਰੇਤ ਕਲਾ ਦਾ ਹਿੱਸਾ ਬਣ ਕੇ ਖੁਸ਼ੀ ਹੋਈ ਹੈ।
ਉਨ੍ਹਾਂ ਕਿਹਾ ਕਿ ਪਟਨਾਇਕ ਇਸ ਖੂਬਸੂਰਤ ਕਲਾ ਦਾ ਨਿਰਮਾਣ ਉਦੋਂ ਕਰ ਰਹੇ ਹਨ, ਜਦੋਂ ਭਾਰਤ 'ਚ ਇਤਿਹਾਸ ਰਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ,''ਅਸੀਂ ਚੰਦਰਯਾਨ-3 ਦੇ ਸਫ਼ਲ ਲਾਂਚ ਲਈ ਭਾਰਤ ਸਰਕਾਰ, ਇਸਰੋ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ। ਉੱਥੇ ਹੀ ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਚੰਦਰਯਾਨ-3 ਲਈ ਭਾਰਤ ਅਤੇ ਇਸਰੋ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ,''ਮੈਂ ਭਾਰਤ 'ਚ ਨਹੀਂ ਹਾਂ, ਕਿਉਂਕਿ ਮੈਂ ਅੰਤਰਰਾਸ਼ਟਰੀ ਦੌਰੇ 'ਤੇ ਹਾਂ। ਹਾਲਾਂਕਿ ਅਜਿਹੇ ਇਤਿਹਾਸਕ ਦਿਨ ਇਹ ਮੂਰਤੀ ਬਣਾਉਣਾ ਮੇਰੇ ਲਈ ਸਨਮਾਨ ਦੀ ਗੱਲ ਹੈ।'' ਪਟਨਾਇਕ ਨੇ ਕਿਹਾ,''ਮੈਂ ਭਾਰਤ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ।''