ਜੈ ਇੰਦਰ ਕੌਰ ਵੱਲੋਂ CM ਮਾਨ ਦੀ ਸਖ਼ਤ ਨਿਖੇਧੀ, ਔਰਤਾਂ ਵਿਰੁੱਧ ਭੱਦੀ ਸ਼ਬਦਾਵਲੀ ਲਈ NCW ਨੂੰ ਕੀਤੀ ਸ਼ਿਕਾਇਤ
Tuesday, Mar 17, 2026 - 07:57 PM (IST)
ਚੰਡੀਗੜ੍ਹ/ਪਟਿਆਲਾ- ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਮੋਰਚਾ ਖੋਲ੍ਹਦਿਆਂ ਰਾਸ਼ਟਰੀ ਮਹਿਲਾ ਕਮਿਸ਼ਨ (NCW) ਨੂੰ ਇੱਕ ਰਸਮੀ ਸ਼ਿਕਾਇਤ ਭੇਜੀ ਹੈ। ਜੈ ਇੰਦਰ ਕੌਰ ਨੇ ਮੁੱਖ ਮੰਤਰੀ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਔਰਤਾਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਨੂੰ ਬੇਹੱਦ ਗਲਤ ਅਤੇ ਅਪਮਾਨਜਨਕ ਕਰਾਰ ਦਿੱਤਾ ਹੈ।
ਜੈ ਇੰਦਰ ਕੌਰ ਨੇ ਆਪਣੀ ਚਿੱਠੀ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਕਿ ਮੁੱਖ ਮੰਤਰੀ ਵਰਗੇ ਉੱਚ ਸੰਵਿਧਾਨਕ ਅਹੁਦੇ 'ਤੇ ਬੈਠੇ ਵਿਅਕਤੀ ਵੱਲੋਂ ਕਿਸੇ ਔਰਤ ਨੂੰ 'ਪਟੋਲਾ' ਕਹਿਣਾ ਅਤੇ ਉਸ ਦੇ ਰੰਗ-ਰੂਪ ਦਾ ਮਜ਼ਾਕ ਉਡਾਉਣਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸ਼ਬਦਾਵਲੀ ਔਰਤਾਂ ਦੀ ਬੇਇੱਜ਼ਤੀ ਕਰਨ ਦੇ ਬਰਾਬਰ ਹੈ ਅਤੇ ਇਸ ਨਾਲ ਹਰ ਔਰਤ ਦੇ ਸਵੈ-ਮਾਣ ਨੂੰ ਸੱਟ ਵੱਜੀ ਹੈ।
ਭਾਜਪਾ ਆਗੂ ਨੇ ਅਫ਼ਸੋਸ ਜਤਾਇਆ ਕਿ ਇਹ ਘਟੀਆ ਟਿੱਪਣੀਆਂ ਉਸ ਦਿਨ ਕੀਤੀਆਂ ਗਈਆਂ ਜਦੋਂ ਪੂਰੀ ਦੁਨੀਆ ਔਰਤਾਂ ਦੇ ਮਾਣ-ਸਤਿਕਾਰ ਦਾ ਜਸ਼ਨ ਮਨਾ ਰਹੀ ਸੀ।
ਉਨ੍ਹਾਂ ਅਨੁਸਾਰ ਇੱਕ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਅਜਿਹੇ ਬਿਆਨ ਸਮਾਜ ਵਿੱਚ ਬਹੁਤ ਹੀ ਗਲਤ ਸੰਦੇਸ਼ ਦਿੰਦੇ ਹਨ। ਜੈ ਇੰਦਰ ਕੌਰ ਨੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਣ ਅਤੇ ਬਣਦੀ ਸਖ਼ਤ ਕਾਰਵਾਈ ਕਰਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਇਸ ਗਲਤੀ ਲਈ ਸਾਰੀਆਂ ਔਰਤਾਂ ਤੋਂ ਸਭ ਦੇ ਸਾਹਮਣੇ ਖੁੱਲ੍ਹੇਆਮ ਮੁਆਫ਼ੀ ਮੰਗਣ।
