ਦਿੱਲੀ ’ਚ 2 ਕਰੋੜ ਦੇ ਚੋਰੀ ਹੋਏ 200 ਮੋਬਾਈਲ ਫੋਨ ਬਰਾਮਦ, 1 ਗ੍ਰਿਫਤਾਰ
Thursday, Jan 30, 2025 - 08:04 PM (IST)
ਨਵੀਂ ਦਿੱਲੀ (ਏਜੰਸੀ)- ਰਾਸ਼ਟਰੀ ਰਾਜਧਾਨੀ ਦੇ ਵਜ਼ੀਰਾਬਾਦ ਇਲਾਕੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਲੱਗਭਗ 2 ਕਰੋੜ ਰੁਪਏ ਮੁੱਲ ਦੇ ਚੋਰੀ ਦੇ 200 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਵਜ਼ੀਰਾਪੁਰ ਇਲਾਕੇ ਵਿਚ ਚੋਰੀ ਕੀਤੇ ਮੋਬਾਈਲ ਫੋਨਾਂ ਦੀ ਇਕ ਖੇਪ ਜ਼ਬਤ ਕੀਤੀ ਹੈ। ਇਨ੍ਹਾਂ ਮੋਬਾਈਲ ਫੋਨਾਂ ਨੂੰ ਸਮੱਗਲਿੰਗ ਰਾਹੀਂ ਨੇਪਾਲ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਭੇਜਿਆ ਜਾਣਾ ਸੀ। ਇਸ ਮਾਮਲੇ ਵਿਚ ਮਨੀਸ਼ ਯਾਦਵ ਨਾਂ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਗਏ ਮੋਬਾਈਲ ਫੋਨਾਂ ਵਿਚ 39 ਐਪਲ ਆਈਫੋਨ, 52 ਸੈਮਸੰਗ, 45 ਵਨ ਪਲੱਸ, 12 ਗੂਗਲ ਪਿਕਸਲ ਫੋਨ, 28 ਓਪੋ ਅਤੇ 19 ਵੀਵੋ ਸਮਾਰਟਫੋਨ ਸ਼ਾਮਲ ਹਨ। ਇਨ੍ਹਾਂ ਵਿਚੋਂ 18 ਫੋਨ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿਚ ਦਰਜ ਐੱਫ. ਆਈ. ਆਰ. ਨਾਲ ਸਬੰਧਤ ਹਨ।