ਐਤਵਾਰ ਨੂੰ ਬਜਟ? ਸਰਕਾਰ ਦੀ ਵੱਡੀ ਮੁਸ਼ਕਲ 1 ਫਰਵਰੀ
Wednesday, Dec 10, 2025 - 11:29 PM (IST)
ਨੈਸ਼ਨਲ ਡੈਸਕ- ਨਾਰਥ ਬਲਾਕ ’ਚ ਬਜਟ ਤੋਂ ਪਹਿਲਾਂ ਦੇ ਚਰਚੇ ਸ਼ੁਰੂ ਹੋ ਗਏ ਹਨ ਪਰ 2026 ਦੇ ਕੇਂਦਰੀ ਬਜਟ ’ਤੇ ਅਜੀਬ ਬੱਦਲ ਮੰਡਰਾ ਰਹੇ ਹਨ। ਕੀ ਇਸ ਵਾਰ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ? ਇਹ ਮਿਤੀ ਜੋ ਨਰਿੰਦਰ ਮੋਦੀ ਦੇ ਯੁੱਗ ’ਚ ਇਕ ਰਸਮ ਬਣ ਗਈ ਹੈ, ਹੁਣ ਅਧਿਕਾਰੀਆਂ ਲਈ ਸਿਰਦਰਦੀ ਬਣ ਗਈ ਹੈ ਕਿਉਂਕਿ 1 ਫਰਵਰੀ 2026 ਨੂੰ ਐਤਵਾਰ ਹੈ।
ਅਰੁਣ ਜੇਤਲੀ ਨੇ 2017 ’ਚ ਜਦੋਂ ਤੋਂ ਬਜਟ ਸਮਾਗਮ ਨੂੰ ਦੁਬਾਰਾ ਲਿਖਿਆ, 1 ਫਰਵਰੀ ਇਕ ਪਵਿੱਤਰ ਦਿਨ ਬਣ ਗਿਆ ਹੈ ਪਰ ਸੰਸਦ ਐਤਵਾਰ ਨੂੰ ਕੰਮ ਨਹੀਂ ਕਰਦੀ। ਉਸ ਦਿਨ ਸਰਕਾਰੀ ਦਫ਼ਤਰ ਬੰਦ ਹੁੰਦੇ ਹਨ। ਕੌਮਾਂਤਰੀ ਮਾਰਕੀਟ ਵੀ ਬੰਦ ਹੁੰਦੀ ਹੈ। ਕੀ ਵਿੱਤ ਮੰਤਰੀ ਨੂੰ ਐਤਵਾਰ ਛੁੱਟੀ ਵਾਲੇ ਦਿਨ ਸੰਸਦ ’ਚ ਜਾਣਾ ਚਾਹੀਦਾ ਹੈ ਜਾਂ ਕੀ ਬਜਟ ਨੂੰ 2 ਫਰਵਰੀ ਤੱਕ ਮੁਲਤਵੀ ਕਰ ਦੇਣਾ ਚਾਹੀਦਾ ਹੈ?
ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਵੀ 1 ਫਰਵਰੀ ਨੂੰ ਹੈ ਪਰ ਕੇਂਦਰ ਸਰਕਾਰ ਨੇ ਉਸ ਦਿਨ ਨੂੰ ਸੀਮਤ ਛੁੱਟੀ ਵਜੋਂ ਨੋਟੀਫਾਈ ਕੀਤਾ ਹੈ ਭਾਵ ਦਫ਼ਤਰ ਖੁੱਲ੍ਹੇ ਰਹਿ ਸਕਦੇ ਹਨ। ਇਸ ਲਈ ਧਾਰਮਿਕ ਕੈਲੰਡਰ ਦੀ ਰੁਕਾਵਟ ਛੋਟੀ ਹੈ। ਅਸਲ ਸਵਾਲ ਇਹ ਹੈ ਕਿ ਕੀ ਮੋਦੀ ਸਰਕਾਰ 1 ਫਰਵਰੀ ਨੂੰ ਆਪਣੀ ਲੜੀ ਤੋੜੇਗੀ?
ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਜਨਵਰੀ ਦੇ ਸ਼ੁਰੂ ’ਚ ਬਜਟ ਸੈਸ਼ਨ ਦੇ ਸ਼ਡਿਊਲ ਦਾ ਐਲਾਨ ਕਰ ਸਕਦੀ ਹੈ।
ਅਧਿਕਾਰੀਆਂ ’ਚ ਇਹ ਘੁਸਰ-ਮੁਸਰ ਹੈ ਕਿ ਨਾਰਥ ਬਲਾਕ ਜਾਂ ਸੰਸਦੀ ਮਾਮਲਿਆਂ ਦਾ ਵਿਭਾਗ ਜਲਦੀ ਹੀ ਸਪੱਸ਼ਟੀਕਰਨ ਦੇ ਨਾਲ ਅੱਗੇ ਆ ਸਕਦਾ ਹੈ। ਇਤਿਹਾਸ ਦਰਸਾਉਂਦਾ ਹੈ ਕਿ ਸਰਕਾਰ ਬਿਨਾਂ ਕਿਸੇ ਡਰ ਦੇ ਅਜਿਹਾ ਕਰ ਸਕਦੀ ਹੈ।
ਬਜਟ ਸ਼ਨੀਵਾਰ ਨੂੰ ਵੀ ਪੇਸ਼ ਕੀਤੇ ਗਏ ਹਨ। 1999 ’ਚ ਤਾਂ ਐਤਵਾਰ ਨੂੰ ਵੀ ਪਰ ਅਜੇ ਤੱਕ ਕੋਈ ਅਧਿਕਾਰਤ ਖ਼ਬਰ ਨਾ ਹੋਣ ਕਾਰਨ ਦਿੱਲੀ ਦੇ ਸੱਤਾ ਦੇ ਗਲਿਆਰਿਆਂ ’ਚ ਇਹ ਚਰਚਾ ਹੈ ਕਿ ਕੀ ਮੋਦੀ ਯੁੱਗ ’ਚ ਭਾਰਤ ਆਪਣਾ ਪਹਿਲਾ ਐਤਵਾਰ ਦਾ ਬਜਟ ਪੇਸ਼ ਕਰੇਗਾ ਜਾਂ ਹੈਰਾਨੀਜਨਕ ਢੰਗ ਨਾਲ ਤਰੀਕ ਬਦਲ ਦਿੱਤੀ ਜਾਵੇਗੀ?
