ਕੋਰੋਨਾ ਦੇ ਚੱਲਦੇ 15 ਦਿਨਾਂ ''ਚ ਪੂਰੀ ਹੋਵੇਗੀ ਅਮਰਨਾਥ ਯਾਤਰਾ, 21 ਜੁਲਾਈ ਨੂੰ ਸ਼ੁਰੂ ਹੋਵੇਗੀ
Saturday, Jun 06, 2020 - 11:10 PM (IST)
ਜੰਮੂ - ਪਹਿਲੀ ਪੂਜਾ ਦੇ ਨਾਲ ਹੀ ਸਾਲਾਨਾ ਅਮਰਨਾਥ ਯਾਤਰਾ 'ਤੇ ਕੋਵਿਡ-19 ਮਹਾਮਾਰੀ ਨਾਲ ਛਾਈ ਧੁੰਦ ਖਤਮ ਹੋਣ ਲੱਗੀ ਹੈ। ਅਮਰਨਾਥ ਸ਼੍ਰਾਇਨ ਬੋਰਡ ਇਸ ਸਾਲ ਕੋਰੋਨਾ ਦੇ ਚੱਲਦੇ 21 ਜੁਲਾਈ ਤੋਂ 15 ਦਿਨ ਦੀ ਅਮਰਨਾਥ ਯਾਤਰਾ ਚਲਾਵੇਗੀ ਜੋ 3 ਅਗਸਤ ਰੱਖੜੀ ਦੇ ਦਿਨ ਖਤਮ ਹੋਵੇਗੀ ਜਦਕਿ ਇਸ ਤੋਂ ਪਹਿਲਾਂ 43 ਦਿਨ ਦੀ ਯਾਤਰਾ ਚੱਲਣੀ ਸੀ। ਸਮੁੰਦਰ ਪੱਧਰ ਤੋਂ 3,880 ਮੀਟਰ ਉਚੀਆਂ ਪਹਾੜੀਆਂ ਵਿਚ ਸਥਿਤ ਪਵਿੱਤਰ ਅਮਰਨਾਥ ਗੁਫਾ ਵਿਚ ਬਣੇ ਕੁਦਰਤੀ ਹਿਮ ਸ਼ਿਵਲਿੰਗ ਦੇ ਸ਼ਰਧਾਲੂ ਲਾਈਵ ਆਰਤੀ ਨਾਲ ਘਰ ਬੈਠੇ ਦਰਸ਼ਨ ਕਰ ਸਕਣਗੇ। ਅਮਰਨਾਥ ਯਾਤਰਾ ਨੂੰ ਲੈ ਕੇ ਰਜਿਸਟ੍ਰੇਸ਼ਨ ਆਨਲਾਈਨ ਹੋਵੇਗੀ ਅਤੇ ਕੋਵਿਡ-19 ਦੇ ਹਾਲਾਤ ਨੂੰ ਧਿਆਨ ਵਿਚ ਰੱਖ ਐਲਾਨ ਕੀਤੀ ਜਾਵੇਗੀ।
ਅਨੰਤਨਾਗ ਜ਼ਿਲੇ ਵਿਚ ਪਵਿੱਤਰ ਅਮਨਰਾਥ ਗੁਫਾ ਵਿਚ ਕੁਦਰਤੀ ਰੂਪ ਨਾਲ ਬਣੇ ਹਿਮ ਸ਼ਿਵਲਿੰਗ ਦੇ ਦਰਸ਼ਨਾਂ ਲਈ ਬਾਲਟਾਲ ਅਤੇ ਪਹਿਲਗਾਮ ਰੂਟ ਦਾ ਇਸਤੇਮਾਲ ਕੀਤਾ ਜਾਂਦਾ ਸੀ। ਪਰ ਇਸ ਵਾਰ ਸਿਰਫ ਬਾਲਾਟਾਲ ਰੂਟ ਤੋਂ ਯਾਤਰਾ ਹੋਵੇਗੀ ਅਤੇ ਪਹਿਲਗਾਮ ਰੂਟ ਦਾ ਸ਼ਰਧਾਲੂਆਂ ਨੂੰ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਪਹਿਲਗਾਮ ਰੂਟ 42 ਕਿਲੋਮੀਟਰ ਲੰਬਾ ਹੈ ਜਦਕਿ ਬਾਲਟਾਲ ਰੂਟ 14 ਕਿਲੋਮੀਟਰ ਹੈ। ਸੂਤਰਾਂ ਮੁਤਾਬਕ ਬਾਲਟਾਲ ਰੂਟ ਤੋਂ ਸਿਰਫ ਹੈਲੀਕਾਪਟਰ ਨਾਲ ਯਾਤਰਾ ਚਲਾਈ ਜਾਵੇਗੀ। ਪੈਦਲ ਯਾਤਰਾ ਚਲਾਏ ਜਾਣ ਬਾਰੇ ਬੋਰਡ ਨੇ ਅਜੇ ਸਪੱਸ਼ਟ ਨਹੀਂ ਕੀਤਾ ਹੈ। ਅਲਬੱਤਾ ਗਾਂਦਰਬਲ ਜ਼ਿਲੇ ਨੂੰ ਬਾਲਟਾਲ ਰੂਟ ਤੋਂ ਬਰਫ ਹਟਾਉਣ ਅਤੇ ਰਸਤੇ ਨੂੰ ਠੀਕ ਕਰਨ ਬਾਰੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਥਾਨਕ ਮਜ਼ਦੂਰਾਂ ਦੀ ਕਮੀ ਦੇ ਚੱਲਦੇ ਯਾਤਰਾ ਮਾਰਗ 'ਤੇ ਬਰਫ ਹਟਾਉਣ ਵਿਚ ਦਿੱਕਤ ਆ ਰਹੀ ਹੈ।
ਯਾਤਰਾ 'ਤੇ ਇਸ ਵਾਰ 55 ਸਾਲ ਤੋਂ ਘੱਟ ਉਮਰ ਦੇ ਸ਼ਰਧਾਲੂਆਂ ਨੂੰ ਜਾਣ ਦੀ ਇਜਾਜ਼ਤ ਹੋਵੇਗੀ ਅਤੇ ਉਨ੍ਹਾਂ ਨੂੰ ਯਾਤਰਾ 'ਤੇ ਜਾਣ ਤੋਂ ਪਹਿਲਾਂ ਕੋਵਿਡ-19 ਨੈਗੇਟਿਵ ਸਰਟੀਫਿਕੇਟ ਲੈਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਬੋਰਡ ਵੱਲੋਂ ਜਾਰੀ ਹੈਲਥ ਸਰਟੀਫਿਕੇਟ ਦੇ ਬਿਨਾਂ ਰਜਿਸਟ੍ਰੇਸ਼ਨ ਵੀ ਨਹੀਂ ਹੋਵੇਗੀ, ਜੋ ਪਹਿਲਾਂ ਹੀ ਲਾਜ਼ਮੀ ਹੈ। ਯਾਤਰਾ ਵਿਚ ਜਾਣ ਵਾਲੇ ਸਾਧੂ-ਸੰਤਾਂ 'ਤੇ ਕਿਸੇ ਪ੍ਰਕਾਰ ਦੀ ਰੋਕ ਨਹੀਂ ਹੋਵੇਗੀ। ਦੱਸ ਦਈਏ ਕਿ ਪਹਿਲਾਂ 23 ਜੂਨ ਤੋਂ ਯਾਤਰਾ ਹੋ ਕੇ 3 ਅਗਸਤ 2020 ਰੱਖੜੀ ਨੂੰ ਖਤਮ ਹੋਣੀ ਸੀ।