ਅਕਾਲ ਅਕੈਡਮੀ ਵਲੋਂ ਵਿਦਿਆਰਥੀਆਂ ਲਈ ਸਕੂਲ ’ਚ ‘ਰੁੱਖ਼ ਲਾਉਣ ਦੀ ਮੁਹਿੰਮ’ ਦਾ ਆਯੋਜਨ
Monday, Jul 18, 2022 - 01:39 PM (IST)
ਪੰਚਕੂਲਾ- 'ਸੇਵਾ' ਪਹਿਲਕਦਮੀ ਦੇ ਅਧੀਨ ਅਕਾਲ ਅਕੈਡਮੀ ਡਾਕਰਾ ਸਾਹਿਬ, ਪੰਚਕੂਲਾ ਦੇ 'ਈਕੋ ਕਲੱਬ' ਨੇ ਸੋਮਵਾਰ 18 ਜੁਲਾਈ 2022 ਨੂੰ 5ਵੀਂ ਅਤੇ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਵਿਚ 'ਰੁੱਖ ਲਾਉਣ ਦੀ ਮੁਹਿੰਮ' ਦਾ ਆਯੋਜਨ ਕੀਤਾ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰਚਨਾਤਮਕ ਗਤੀਵਿਧੀਆਂ ਰਾਹੀਂ ਇਕ ਬਿਹਤਰ ਸਮਾਜ ਦੀ ਉਸਾਰੀ ਲਈ ਸੇਧ ਦੇਣਾ ਸੀ। ਇਹ ਗਤੀਵਿਧੀ ਐਕਟੀਵਿਟੀ ਇੰਚਾਰਜ ਸ਼੍ਰੀਮਤੀ ਹੀਨਾ ਦੀ ਨਿਗਰਾਨੀ ਹੇਠ ਹੋਈ।
ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਦੀ ਰਹਿਨੁਮਾਈ ਹੇਠ 'ਹਰਿਆਲੀ ਐਪ' ਤੋਂ ਜ਼ੀਰੋ ਲਾਗਤ 'ਤੇ ਅਰਜੁਨ, ਨਿੰਮ, ਰਾਤ ਦੀ ਰਾਣੀ, ਆਂਵਲਾ, ਅਮਰੂਦ, ਨਿੰਬੂ, ਹਿਬਿਸਕਸ ਆਦਿ 92 ਕਿਸਮਾਂ ਦੇ ਬੂਟੇ ਮੰਗਵਾਏ। ਇਹ ਬੂਟੇ ਬੱਚਿਆਂ ਵੱਲੋਂ ਸਕੂਲ ਕੈਂਪਸ ਵਿਚ ਬਾਗਬਾਨਾਂ ਦੇ ਸਹਿਯੋਗ ਨਾਲ ਲਗਾਏ ਗਏ। ਇਨ੍ਹਾਂ ’ਚੋਂ 60 ਬੂਟੇ ਕੈਂਪਸ ’ਚ ਲਗਾਏ ਗਏ ਅਤੇ ਬਾਕੀ ਬੱਚਿਆਂ ਵਿਚ ਵੰਡੇ ਗਏ।
ਸਕੂਲ ਅਤੇ ਵਿਦਿਆਰਥੀਆਂ ਵਲੋਂ ਕੀਤੇ ਗਏ ਅਜਿਹੇ ਛੋਟੇ-ਛੋਟੇ ਉਪਰਾਲੇ ਨਿਸ਼ਚਿਤ ਤੌਰ 'ਤੇ ਬੱਚਿਆਂ ਵਿਚ ਇਕ ਬੇਹਤਰ ਮਾਨਸਿਕ ਅਤੇ ਸਮਾਜਿਕ ਸਿਹਤ ਨੂੰ ਮਜ਼ਬੂਤ ਕਰਨ ’ਚ ਮਦਦ ਕਰਨਗੇ ਤਾਂ ਜੋ ਉਹ ਆਪਣੇ ਸਾਥੀਆਂ, ਬਜ਼ੁਰਗਾਂ, ਸਮਾਜ ਅਤੇ ਵਾਤਾਵਰਣ ਨਾਲ ਜੁੜ ਸਕਣ। ਸਕੂਲ ਪ੍ਰਿੰਸੀਪਲ ਨੇ ਸਕੂਲ ਕੈਂਪਸ ਨੂੰ ਸੁੰਦਰ ਬਣਾਉਣ ਲਈ ਸਾਰੇ ਬੱਚਿਆਂ, ਅਧਿਆਪਕਾਂ ਅਤੇ ਬਾਗਬਾਨਾਂ ਦੇ ਸਹਿਯੋਗ ਅਤੇ ਮਿਹਨਤ ਦੀ ਸ਼ਲਾਘਾ ਕੀਤੀ।