ਦਿੱਲੀ ਤੋਂ ਚੀਨ ਲਈ ਫਲਾਈਟ ਸ਼ੁਰੂ ਕਰੇਗੀ ਏਅਰ ਇੰਡੀਆ ! 1 ਫਰਵਰੀ ਨੂੰ ਉੱਡੇਗਾ ਪਹਿਲਾ ਜਹਾਜ਼
Monday, Nov 17, 2025 - 04:10 PM (IST)
ਨੈਸ਼ਨਲ ਡੈਸਕ- ਟਾਟਾ ਗਰੁੱਪ ਦੀ ਏਅਰਲਾਈਨ ਕੰਪਨੀ ਏਅਰ ਇੰਡੀਆ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਸਾਲ 1 ਫ਼ਰਵਰੀ 2026 ਤੋਂ ਚੀਨ ਦੇ ਸ਼ੰਘਾਈ ਲਈ ਉਡਾਣਾਂ ਮੁੜ ਸ਼ੁਰੂ ਕਰੇਗੀ। ਕੰਪਨੀ ਨੇ ਪ੍ਰੈਸ ਰਿਲੀਜ਼ ਜਾਰੀ ਕਰਕੇ ਦੱਸਿਆ ਕਿ ਦਿੱਲੀ–ਸ਼ੰਘਾਈ ਰੂਟ ’ਤੇ ਹਫ਼ਤੇ 'ਚ ਚਾਰ ਦਿਨ — ਮੰਗਲਵਾਰ, ਵੀਰਵਾਰ, ਸ਼ੁੱਕਰਵਾਰ ਅਤੇ ਐਤਵਾਰ — ਫਲਾਈਟ ਉਪਲਬਧ ਰਹੇਗੀ।
ਉਡਾਣਾਂ ਦਾ ਸਮਾਂ
ਦਿੱਲੀ ਤੋਂ ਸ਼ੰਘਾਈ: ਦੁਪਹਿਰ 12 ਵਜੇ ਉਡੇਗੀ, ਸਥਾਨਕ ਸਮੇਂ ਅਨੁਸਾਰ ਰਾਤ 8:20 ਵਜੇ ਪਹੁੰਚੇਗੀ।
ਸ਼ੰਘਾਈ ਤੋਂ ਦਿੱਲੀ ਵਾਪਸੀ: ਰਾਤ 10 ਵਜੇ ਟੇਕ ਆਫ਼ ਅਤੇ ਅਗਲੇ ਦਿਨ ਤੜਕੇ 3:15 ਵਜੇ ਦਿੱਲੀ ਉਤਰੇਗੀ।
ਬੋਇੰਗ 787-8 ਨਾਲ ਸੇਵਾ
ਏਅਰ ਇੰਡੀਆ ਇਸ ਰੂਟ ’ਤੇ ਬੋਇੰਗ 787-8 ਜਹਾਜ਼ ਦਾ ਸੰਚਾਲਨ ਕਰੇਗੀ। ਇਸ 'ਚ 18 ਬਿਜ਼ਨੈੱਸ ਕਲਾਸ ਫਲੈਟ ਬੈੱਡ ਸੀਟਾਂ, 238 ਇਕਾਨੋਮੀ ਸੀਟਾਂ ਸ਼ਾਮਲ ਹਨ।
ਮੁੰਬਈ–ਸ਼ੰਘਾਈ ਰੂਟ ਦੀ ਵੀ ਤਿਆਰੀ
ਕੰਪਨੀ ਨੇ ਕਿਹਾ ਹੈ ਕਿ ਅਗਲੇ ਸਾਲ ਮੁੰਬਈ ਤੋਂ ਸ਼ੰਘਾਈ ਲਈ ਵੀ ਫਲਾਈਟ ਸ਼ੁਰੂ ਕਰਨ ਦੀ ਯੋਜਨਾ ਹੈ, ਪਰ ਇਸ ਲਈ ਅਜੇ ਰੈਗੂਲੇਟਰੀ ਪ੍ਰਵਾਨਗੀਆਂ ਦੀ ਉਡੀਕ ਹੈ।
ਕੋਵਿਡ ਬਾਅਦ ਵਾਪਸੀ
ਮਾਰਚ 2020 'ਚ ਕੋਵਿਡ ਫੈਲਣ ਨੂੰ ਰੋਕਣ ਲਈ ਭਾਰਤ–ਚੀਨ ਉਡਾਣਾਂ ਬੰਦ ਹੋ ਗਈਆਂ ਸਨ। ਇਸ ਸਾਲ ਅਕਤੂਬਰ 'ਚ ਕੁਝ ਸਿੱਧੀਆਂ ਉਡਾਣਾਂ ਦੁਬਾਰਾ ਸ਼ੁਰੂ ਹੋਈਆਂ ਹਨ।
ਏਅਰ ਇੰਡੀਆ ਦੇ ਸੀਈਓ ਦਾ ਬਿਆਨ
ਏਅਰ ਇੰਡੀਆ ਦੇ ਸੀਈਓ ਅਤੇ ਮੈਨੇਜਿੰਗ ਡਾਇਰੈਕਟਰ ਕੈਂਪਬੈਲ ਵਿਲਸਨ ਨੇ ਕਿਹਾ,“ਦਿੱਲੀ ਅਤੇ ਸ਼ੰਘਾਈ ਦਰਮਿਆਨ ਇਹ ਉਡਾਣ ਦੋ ਮਹਾਨ ਰਾਸ਼ਟਰਾਂ, ਪੁਰਾਤਨ ਸਭਿਆਚਾਰਾਂ ਅਤੇ ਆਧੁਨਿਕ ਅਰਥਵਿਵਸਥਾ ਦੇ ਕੇਂਦਰਾਂ ਨੂੰ ਜੋੜਣ ਵਾਲਾ ਇਕ ਮਹੱਤਵਪੂਰਨ ਪੁਲ ਸਾਬਤ ਹੋਵੇਗੀ।”
ਸ਼ੰਘਾਈ – ਏਅਰ ਇੰਡੀਆ ਦਾ 48ਵਾਂ ਅੰਤਰਰਾਸ਼ਟਰੀ ਸ਼ਹਿਰ
ਇਸ ਨਵੇਂ ਰੂਟ ਨਾਲ ਸ਼ੰਘਾਈ, ਏਅਰ ਇੰਡੀਆ ਦੇ ਅੰਤਰਰਾਸ਼ਟਰੀ ਨੈੱਟਵਰਕ ਵਿੱਚ 48ਵਾਂ ਸ਼ਹਿਰ ਬਣੇਗਾ।
