ਅਚਾਨਕ ਹਵਾ ਵਿਚਾਲੇ 'ਗਾਇਬ' ਹੋ ਗਿਆ ਸੀ ਸਵਾਰੀਆਂ ਨਾਲ ਭਰਿਆ ਜਹਾਜ਼ ! ਹੁਣ ਸ਼ੁਰੂ ਹੋਣ ਜਾ ਰਹੀ ਭਾਲ
Wednesday, Dec 03, 2025 - 10:33 AM (IST)
ਇੰਟਰਨੈਸ਼ਨਲ ਡੈਸਕ- ਮਲੇਸ਼ੀਆ ਦੇ ਟਰਾਂਸਪੋਰਟ ਮੰਤਰਾਲੇ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਮਲੇਸ਼ੀਆ ਏਅਰਲਾਈਨਜ਼ ਦੀ ਉਡਾਣ MH370 ਦੀ ਡੂੰਘੇ ਸਮੁੰਦਰ ਵਿੱਚ 30 ਦਸੰਬਰ ਤੋਂ ਮੁੜ ਭਾਲ ਸ਼ੁਰੂ ਕੀਤੀ ਜਾਵੇਗੀ। ਇਸ ਐਲਾਨ ਨੇ ਇੱਕ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਗਾਇਬ ਹੋਏ ਜਹਾਜ਼ ਨੂੰ ਆਖਰਕਾਰ ਲੱਭਣ ਦੀਆਂ ਉਮੀਦਾਂ ਨੂੰ ਮੁੜ ਜਗਾਇਆ ਹੈ।
ਜ਼ਿਕਰਯੋਗ ਹੈ ਕਿ ਬੋਇੰਗ 777 ਜਹਾਜ਼ 8 ਮਾਰਚ 2014 ਨੂੰ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਤੋਂ ਬੀਜਿੰਗ ਜਾ ਰਿਹਾ ਸੀ ਜਦੋਂ ਇਹ ਅਚਾਨਕ ਰਡਾਰ ਤੋਂ ਗਾਇਬ ਹੋ ਗਿਆ ਸੀ। ਇਸ ਜਹਾਜ਼ ਵਿੱਚ 239 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਚੀਨੀ ਨਾਗਰਿਕ ਸਨ। ਸੈਟੇਲਾਈਟ ਡੇਟਾ ਨੇ ਸੰਕੇਤ ਦਿੱਤਾ ਸੀ ਕਿ ਜਹਾਜ਼ ਆਪਣੇ ਫਲਾਈਟ ਰੂਟ ਤੋਂ ਮੁੜ ਕੇ ਦੂਰ-ਦੱਖਣੀ ਹਿੰਦ ਮਹਾਸਾਗਰ ਵੱਲ ਵਧਿਆ, ਜਿਸ ਤੋਂ ਬਾਅਦ ਇਕ ਰਡਾਰ ਤੋਂ ਗਾਇਬ ਹੋ ਗਿਆ ਤੇ ਇਹ ਮੰਨ ਲਿਆ ਗਿਆ ਕਿ ਇਹ ਕ੍ਰੈਸ਼ ਹੋ ਗਿਆ ਹੈ। ਹਾਲਾਂਕਿ, ਇੱਕ ਬਹੁ-ਰਾਸ਼ਟਰੀ ਖੋਜ ਇਸ ਦੀ ਸਥਿਤੀ ਬਾਰੇ ਕੋਈ ਸੁਰਾਗ ਲੱਭਣ ਵਿੱਚ ਅਸਫਲ ਰਹੀ ਸੀ।
ਇਹ ਵੀ ਪੜ੍ਹੋ- ''ਕੋਈ ਗੱਲ ਕਰਨ ਲਈ ਵੀ ਨਹੀਂ ਬਚੇਗਾ..!'', ਪੁਤਿਨ ਨੇ ਯੂਰਪੀ ਦੇਸ਼ਾਂ ਨੂੰ ਦੇ'ਤੀ ਸਿੱਧੀ ਚਿਤਾਵਨੀ
ਟਰਾਂਸਪੋਰਟ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਮਰੀਕਾ-ਅਧਾਰਤ ਸਮੁੰਦਰੀ ਰੋਬੋਟਿਕਸ ਫਰਮ ਓਸ਼ਨ ਇਨਫਿਨਿਟੀ 30 ਦਸੰਬਰ ਤੋਂ ਕੁੱਲ 55 ਦਿਨਾਂ ਲਈ ਰੁਕ-ਰੁਕ ਕੇ ਖੋਜ ਕਰੇਗੀ। ਇਹ ਭਾਲ ਖਾਸ ਇਲਾਕਆਂ 'ਚ ਕੀਤੀ ਜਾਵੇਗੀ, ਜਿੱਥੇ ਗੁੰਮ ਹੋਏ ਜਹਾਜ਼ ਦੇ ਮਿਲਣ ਦੀ ਸਭ ਤੋਂ ਵੱਧ ਸੰਭਾਵਨਾ ਮੰਨੀ ਜਾਂਦੀ ਹੈ। ਮਲੇਸ਼ੀਆ ਦੀ ਸਰਕਾਰ ਨੇ ਮਾਰਚ ਵਿੱਚ ਓਸ਼ਨ ਇਨਫਿਨਿਟੀ ਨਾਲ "ਨੋ-ਫਾਈਂਡ, ਨੋ-ਫੀਸ" ਦੇ ਇਕਰਾਰਨਾਮੇ ਨੂੰ ਹਰੀ ਝੰਡੀ ਦੇ ਦਿੱਤੀ ਸੀ ਤਾਂ ਜੋ ਸਮੁੰਦਰ ਵਿੱਚ ਇੱਕ ਨਵੀਂ 15,000 ਵਰਗ ਕਿਲੋਮੀਟਰ ਸਾਈਟ ਦੇ ਤਲ 'ਤੇ ਜਹਾਜ਼ ਦੀ ਦੀ ਖੋਜ ਮੁੜ ਸ਼ੁਰੂ ਕੀਤੀ ਜਾ ਸਕੇ।
ਇਸ ਇਕਰਾਰਨਾਮੇ ਮੁਤਾਬਕ ਕੰਪਨੀ ਨੂੰ 70 ਮਿਲੀਅਨ ਡਾਲਰ ਦਾ ਭੁਗਤਾਨ ਤਾਂ ਹੀ ਕੀਤਾ ਜਾਵੇਗਾ ਜੇਕਰ ਉਹ ਮਲਬਾ ਲੱਭਣ 'ਚ ਕਾਮਯਾਬ ਹੋ ਜਾਂਦੀ ਹੈ। ਇਸ ਤੋਂ ਪਹਿਲਾਂ ਸਾਲ 2018 'ਚ ਓਸ਼ਨ ਇਨਫਿਨਿਟੀ ਨੇ ਇਕ ਨਿੱਜੀ ਸਰਚ ਅਭਿਆਨ ਚਲਾਇਆ ਸੀ, ਪਰ ਉਸ ਸਮੇਂ ਉਹ ਕੁਝ ਵੀ ਨਹੀਂ ਲੱਭ ਸਕੀ ਸੀ। ਖੋਜ ਨੂੰ ਖਰਾਬ ਮੌਸਮ ਕਾਰਨ ਰੋਕ ਦਿੱਤਾ ਗਿਆ ਸੀ।
