'ਪਿਛਲੀਆਂ ਹਾਰਾਂ...', ਚੀਨ-ਰੂਸ ਦੀ ਨੇੜਤਾ ਦੇ ਵਿਰੋਧੀਆਂ ਨੂੰ ਸਰਗੇਈ ਸ਼ੋਈਗੂ ਦੀ ਦੋ-ਟੁੱਕ
Tuesday, Dec 02, 2025 - 06:11 PM (IST)
ਵੈੱਬ ਡੈਸਕ- ਵਿਸ਼ਵ ਸ਼ਕਤੀਆਂ ਰੂਸ ਤੇ ਚੀਨ ਮੰਗਲਵਾਰ ਨੂੰ ਮਾਸਕੋ ਵਿੱਚ ਅਹਿਮ ਰਣਨੀਤਕ ਸੁਰੱਖਿਆ ਸਲਾਹ-ਮਸ਼ਵਰੇ ਕਰਨ ਜਾ ਰਹੇ ਹਨ। ਇੰਟਰਫੈਕਸ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਇਸ ਮੁਲਾਕਾਤ ਵਿੱਚ ਕਈ ਮਹੱਤਵਪੂਰਨ ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਚਰਚਾ ਹੋਣ ਦੀ ਉਮੀਦ ਹੈ। ਇਸੇ ਵਿਚਾਲੇ ਹੁਣ ਰੂਸੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਸਰਗੇਈ ਸ਼ੋਈਗੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਰੂਸੀ ਅਧਿਕਾਰੀ ਸਰਗੇਈ ਨੇ ਕਿਹਾ ਹੈ ਕਿ ਕੁਝ ਯੂਰਪੀ ਦੇਸ਼ਾਂ ਤੇ ਜਾਪਾਨ 'ਚ, ਪਿਛਲੀਆਂ ਹਾਰਾਂ ਦਾ ਬਦਲਾ ਲੈਣ ਦੀ ਇੱਛਾ ਉਭਰ ਕੇ ਸਾਹਮਣੇ ਆਈ ਹੈ। ਪੱਛਮ 'ਚ ਹਰ ਕੋਈ ਇਸ ਤੱਥ ਤੋਂ ਸੰਤੁਸ਼ਟ ਨਹੀਂ ਹੈ ਕਿ ਰੂਸ ਅਤੇ ਚੀਨ ਵਿਚਕਾਰ ਰਣਨੀਤਕ ਸਹਿਯੋਗ ਇੱਕ ਬੇਮਿਸਾਲ ਪੱਧਰ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰੂਸ ਤਾਈਵਾਨ, ਸ਼ਿਨਜਿਆਂਗ, ਤਿੱਬਤ ਅਤੇ ਹਾਂਗਕਾਂਗ ਨਾਲ ਸਬੰਧਤ ਮੁੱਦਿਆਂ 'ਤੇ ਚੀਨ ਦਾ ਨਿਰੰਤਰ ਅਤੇ ਦ੍ਰਿੜਤਾ ਨਾਲ ਸਮਰਥਨ ਕਰਦਾ ਹੈ।
🚨⚡️Russian Security Council Secretary Sergey Shoigu:
— RussiaNews 🇷🇺 (@mog_russEN) December 2, 2025
🔸 In some European countries and in Japan, a desire for revenge over past defeats has emerged.
🔸 Not everyone in the West is satisfied with the fact that strategic cooperation between Russia and China has reached an… pic.twitter.com/NOduSCCEfW
ਮੀਟਿੰਗ 'ਚ ਸ਼ਾਮਲ ਪ੍ਰਮੁੱਖ ਹਸਤੀਆਂ
ਰੂਸੀ ਸੁਰੱਖਿਆ ਕੌਂਸਲ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਇਹ ਮੀਟਿੰਗ ਰੂਸ ਦੀ ਤਰਫ਼ੋਂ ਸੁਰੱਖਿਆ ਕੌਂਸਲ ਦੇ ਸਕੱਤਰ, ਸਰਗੇਈ ਸ਼ੋਇਗੂ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਕਾਰ ਹੋਵੇਗੀ। ਇਸ ਰੂਸੀ-ਚੀਨੀ ਰਣਨੀਤਕ ਸੁਰੱਖਿਆ ਗੱਲਬਾਤ ਦੌਰਾਨ ਹੇਠ ਲਿਖੇ ਅਹਿਮ ਵਿਸ਼ਿਆਂ 'ਤੇ ਵਿਚਾਰ ਕੀਤਾ ਜਾਵੇਗਾ। ਏਸ਼ੀਆ-ਪ੍ਰਸ਼ਾਂਤ ਖੇਤਰ (Asia-Pacific region) 'ਤੇ ਸੁਰੱਖਿਆ ਚੁਣੌਤੀਆਂ ਅਤੇ ਇਸ ਖੇਤਰ ਵਿੱਚ ਦੋਵਾਂ ਦੇਸ਼ਾਂ ਦੀ ਭੂਮਿਕਾ 'ਤੇ ਚਰਚਾ ਕੀਤੀ ਜਾਵੇਗੀ। ਦੋਵਾਂ ਦੇਸ਼ਾਂ ਦੇ ਰੱਖਿਆ ਸਬੰਧਾਂ ਅਤੇ ਫੌਜੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਵੀ ਗੱਲਬਾਤ ਹੋਵੇਗੀ। ਇਨ੍ਹਾਂ ਗੱਲਬਾਤ ਨੂੰ ਦੋਵਾਂ ਦੇਸ਼ਾਂ ਵਿਚਾਲੇ ਵਧਦੇ ਰਣਨੀਤਕ ਤਾਲਮੇਲ ਦਾ ਇੱਕ ਮਹੱਤਵਪੂਰਨ ਹਿੱਸਾ ਮੰਨਿਆ ਜਾ ਰਿਹਾ ਹੈ।
ਰੂਸ ਦਾ ਚੀਨ ਨੂੰ ਤੋਹਫਾ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ ਆਪਣੇ ਭਾਰਤ ਦੌਰੇ ਤੋਂ ਠੀਕ ਪਹਿਲਾਂ ਸੋਮਵਾਰ ਨੂੰ ਚੀਨੀ ਨਾਗਰਿਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਨੇ ਦੇਸ਼ ਦੇ ਵੀਜ਼ਾ ਨਿਯਮਾਂ 'ਚ ਚੀਨੀ ਨਾਗਰਿਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਰੂਸ ਦੀ ਯਾਤਰਾ ਵੀਜ਼ਾ ਫ੍ਰੀ ਕਰ ਦਿੱਤੀ ਹੈ। ਚੀਨ ਦੇ ਨਾਗਰਿਕ ਹੁਣ ਬਿਨਾਂ ਵੀਜ਼ਾ ਇਕ ਮਹੀਨੇ ਤੱਕ ਰੂਸ ਦੀ ਯਾਤਰਾ ਕਰ ਸਕਣਗੇ। ਪੁਤਿਨ ਨੇ ਪਿਛਲੇ ਹਫ਼ਤੇ ਹੀ ਕਿਹਾ ਸੀ ਕਿ ਚੀਨੀ ਨਾਗਰਿਕ ਬਿਨਾਂ ਵੀਜ਼ਾ ਦੇ ਰੂਸ ਦੀ ਯਾਤਰਾ ਕਰ ਸਕਣਗੇ। ਉਨ੍ਹਾਂ ਨੇ ਸੋਮਵਾਰ ਨੂੰ ਇਸ ਹੁਕਮ ’ਤੇ ਦਸਤਖਤ ਵੀ ਕਰ ਦਿੱਤੇ ਹਨ, ਜਿਸ ਮਗਰੋਂ ਚੀਨੀ ਨਾਗਰਿਕਾਂ ਨੂੰ ਹੁਣ ਰੂਸ ਜਾਣ ਲਈ ਵੀਜ਼ਾ ਦੀ ਲੋੜ ਨਹੀਂ ਪਵੇਗੀ। ਉਹ ਇਕ ਮਹੀਨੇ ਦੀ ਮਿਆਦ ਤੱਕ ਰੂਸ 'ਚ ਬਿਨਾਂ ਵੀਜ਼ਾ ਦੇ ਰਹਿ ਸਕਣਗੇ।
