ਨੌਜਵਾਨ ਨੂੰ ਕੋਬਰਾ ਨੇ ਡੰਗਿਆ ਤਾਂ ਗੁੱਸੇ ’ਚ ਚਬਾ ਲਿਆ ਫੰਨ, ਸੱਪ ਦੀ ਮੌਤ
Thursday, Nov 06, 2025 - 09:51 PM (IST)
ਹਰਦੋਈ (UNI)- ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਟੜਿਯਾਵਾਂ ਖੇਤਰ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਨੌਜਵਾਨ ਨੂੰ ਕਾਲੇ ਕੋਬਰਾ ਨੇ ਡੰਗ ਲਿਆ, ਜਿਸ ਤੋਂ ਬਾਅਦ ਨੌਜਵਾਨ ਨੇ ਗੁੱਸੇ ’ਚ ਆ ਕੇ ਕੋਬਰਾ ਦੇ ਫੰਨ ਨੂੰ ਆਪਣੇ ਦੰਦਾਂ ਨਾਲ ਚਬਾ ਲਿਆ। ਇਹ ਅਜੀਬ ਘਟਨਾ ਟੜਿਯਾਵਾਂ ਥਾਣਾ ਖੇਤਰ ਦੇ ਪਿੰਡ ਭੜਾਇਲ ਦੇ ਮਜਰਾ ਪੁਸ਼ਪਤਾਲੀ ਦੀ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪੁਨੀਤ (28) ਆਪਣੇ ਝੋਨੇ ਦੇ ਖੇਤ ’ਚ ਕੰਮ ਕਰ ਰਿਹਾ ਸੀ। ਇਸ ਦੌਰਾਨ ਖੇਤ ’ਚ ਲੁਕ ਕੇ ਬੈਠਾ ਲੱਗਭਗ 4 ਫੁੱਟ ਲੰਬਾ ਕਾਲਾ ਕੋਬਰਾ ਉਸ ਦੇ ਪੈਰ ਨਾਲ ਲਿਪਟ ਗਿਆ ਅਤੇ ਉਸ ਨੂੰ ਡੰਗ ਲਿਆ। ਅਚਾਨਕ ਹੋਏ ਹਮਲੇ ਨਾਲ ਪੁਨੀਤ ਘਬਰਾਅ ਗਿਆ ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਸੱਪ ਨੂੰ ਫੜ ਕੇ ਉਸ ਦੇ ਫੰਨ ਨੂੰ ਦੰਦਾਂ ਨਾਲ ਚਬਾ ਦਿੱਤਾ। ਘਟਨਾ ਤੋਂ ਬਾਅਦ ਪੁਨੀਤ ਨੇ ਰੌਲਾ ਪਾਇਆ ਤਾਂ ਆਲੇ-ਦੁਆਲੇ ਦੇ ਲੋਕ ਮੌਕੇ ’ਤੇ ਪਹੁੰਚ ਗਏ। ਪਰਿਵਾਰ ਵਾਲਿਆਂ ਨੇ ਉਸ ਨੂੰ ਤੁਰੰਤ ਹਰਦੋਈ ਮੈਡੀਕਲ ਕਾਲਜ ’ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ।
ਇਕ ਰਾਤ ਆਬਜ਼ਰਵੇਸ਼ਨ ’ਚ ਰੱਖਣ ਤੋਂ ਬਾਅਦ ਪੁਨੀਤ ਦੀ ਹਾਲਤ ਆਮ ਵਾਂਗ ਹੋਣ ’ਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ। ਮੈਡੀਕਲ ਅਫ਼ਸਰ ਡਾ. ਸ਼ੇਰ ਸਿੰਘ ਦੇ ਅਨੁਸਾਰ ਮਰੀਜ਼ ਦੇ ਪੈਰ ’ਤੇ ਸੱਪ ਦੇ ਡੰਗਣ ਦੇ ਨਿਸ਼ਾਨ ਸਨ ਪਰ ਕੋਬਰਾ ਦਾ ਫੰਨ ਚਬਾਉਣਾ ਬਹੁਤ ਖ਼ਤਰਨਾਕ ਸੀ। ਜੇ ਸੱਪ ਨੇ ਉਸ ਦੇ ਮੂੰਹ ’ਚ ਜ਼ਹਿਰ ਛੱਡਿਆ ਹੁੰਦਾ ਤਾਂ ਉਸ ਦੀ ਜਾਨ ਬਚਾਉਣੀ ਮੁਸ਼ਕਲ ਹੋ ਜਾਂਦੀ। ਕੋਬਰਾ ਦੀ ਮੌਕੇ ’ਤੇ ਹੀ ਮੌਤ ਹੋ ਗਈ।
