ਵਿਗਿਆਨੀਆਂ ਦਾ ਦਾਅਵਾ: ਛੋਟੀ ਜਿਹੀ ਨਸ ਰੱਖਦੀ ਹੈ ਦਿਲ ਨੂੰ ਜਵਾਨ, ਬੀਮਾਰੀਆਂ ’ਤੇ ਲਾਏਗੀ ਲਗਾਮ

Monday, Jan 05, 2026 - 04:11 AM (IST)

ਵਿਗਿਆਨੀਆਂ ਦਾ ਦਾਅਵਾ: ਛੋਟੀ ਜਿਹੀ ਨਸ ਰੱਖਦੀ ਹੈ ਦਿਲ ਨੂੰ ਜਵਾਨ, ਬੀਮਾਰੀਆਂ ’ਤੇ ਲਾਏਗੀ ਲਗਾਮ

ਨਵੀਂ ਦਿੱਲੀ - ਸਰੀਰ ’ਚ ਮੌਜੂਦ ਇਕ ਛੋਟੀ ਜਿਹੀ ਨਸ ਦਿਲ ਨੂੰ ਲੰਬੇ ਸਮੇਂ ਤੱਕ ਜਵਾਨ ਬਣਾਈ ਰੱਖਣ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਟਲੀ ਦੇ ਵਿਗਿਆਨੀਆਂ ਵੱਲੋਂ ਕੀਤੇ ਗਏ ਇਕ ਤਾਜ਼ਾ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਵੇਗਸ ਨਾਂ ਦੀ ਨਸ ਦਿਲ ਦੀ ਉਮਰ ਵਧਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਸਕਦੀ ਹੈ ਅਤੇ ਦਿਲ ਨੂੰ ਕਈ ਗੰਭੀਰ ਬੀਮਾਰੀਆਂ ਤੋਂ ਬਚਾਅ ਸਕਦੀ ਹੈ।

ਵਿਗਿਆਨੀਆਂ ਦੀ ਇਹ ਖੋਜ ਦਿਲ ਦੀਆਂ ਬੀਮਾਰੀਆਂ ਦੇ ਇਲਾਜ ’ਚ ਨਵੀਂ ਉਮੀਦ ਲੈ ਕੇ ਆਈ ਹੈ। ਆਉਣ ਵਾਲੇ ਸਮੇਂ ’ਚ ਵੇਗਸ ਨਰਵ ’ਤੇ ਆਧਾਰਿਤ ਦਵਾਈਆਂ ਅਤੇ ਥੈਰੇਪੀ ਦਿਲ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਅਤੇ ਜਵਾਨ ਰੱਖਣ ’ਚ ਮਦਦਗਾਰ ਸਾਬਿਤ ਹੋ ਸਕਦੀ ਹੈ।

ਕੀ ਹੈ ਵੇਗਸ ਨਰਵ
ਵੇਗਸ ਨਰਵ ਸਰੀਰ ਦੀਆਂ ਸਭ ਤੋਂ ਲੰਬੀਆਂ ਅਤੇ ਮਹੱਤਵਪੂਰਨ ਨਾੜੀਆਂ ’ਚੋਂ ਇਕ ਮੰਨੀ ਜਾਂਦੀ ਹੈ। ਇਹ ਸਿੱਧੀ ਦਿਮਾਗ ਤੋਂ ਨਿਕਲ ਕੇ ਗਲੇ, ਛਾਤੀ, ਪੇਟ ਅਤੇ ਪਾਚਨ ਪ੍ਰਣਾਲੀ ਤੱਕ ਜਾਂਦੀ ਹੈ। ਇਹ ਨਸ ਦਿਮਾਗ ਅਤੇ ਸਰੀਰ ਦੇ ਅੰਦਰੂਨੀ ਅੰਗਾਂ ਦੇ ਵਿਚਕਾਰ ਸੰਪਰਕ ਬਣਾਈ ਰੱਖਦੀ ਹੈ ਅਤੇ ਕਈ ਜ਼ਰੂਰੀ ਸਰੀਰਕ ਕਿਰਿਆਵਾਂ ਨੂੰ ਕੰਟਰੋਲ ਕਰਦੀ ਹੈ।

ਧੜਕਣ ਅਤੇ ਸੋਜ ’ਤੇ ਕੰਟਰੋਲ
ਮਾਹਿਰਾਂ ਮੁਤਾਬਕ ਵੇਗਸ ਨਰਵ ਦਿਲ ਦੀ ਧੜਕਣ ਨੂੰ ਸੰਤੁਲਿਤ ਰੱਖਦੀ ਹੈ ਅਤੇ ਸਰੀਰ ’ਚ ਸੋਜ ਨੂੰ ਘੱਟ ਕਰਨ ’ਚ ਮਦਦ ਕਰਦੀ ਹੈ। ਇਸ ਨਾਲ ਦਿਲ ਦੀਆਂ ਮਾਸਪੇਸ਼ੀਆਂ ਲੰਬੇ ਸਮੇਂ ਤੱਕ ਸਿਹਤਮੰਦ ਰਹਿੰਦੀਆਂ ਹਨ ਅਤੇ ਦਿਲ ਦੀ ਪੰਪਿੰਗ ਸਮਰੱਥਾ ਬਣੀ ਰਹਿੰਦੀ ਹੈ। ਅਧਿਐਨ ’ਚ ਪਾਇਆ ਗਿਆ ਹੈ ਕਿ ਵੇਗਸ ਨਰਵ ਦਿਲ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਤੋਂ ਬਚਾਉਣ ਦਾ ਕੰਮ ਕਰਦੀ ਹੈ। ਇਹ ਦਿਲ ’ਚ ਉਮਰ ਨਾਲ ਜੁੜੀਆਂ ਕਮਜ਼ੋਰੀਆਂ ਨੂੰ ਘੱਟ ਕਰਦੀ ਹੈ ਅਤੇ ਹਾਰਟ ਫੇਲ ਹੋਣ ਵਰਗੀਆਂ ਸਮੱਸਿਆਵਾਂ ਦੇ ਖ਼ਤਰੇ ਨੂੰ ਘਟਾਉਂਦੀ ਹੈ।

ਨਸ ਦੇ ਕਮਜ਼ੋਰ ਹੋਣ ਨਾਲ ਵਧਦਾ ਹੈ ਖ਼ਤਰਾ
ਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਵੇਗਸ ਨਰਵ ਕਮਜ਼ੋਰ ਜਾਂ ਨੁਕਸਾਨੀ ਜਾਂਦੀ ਹੈ ਤਾਂ ਦਿਲ ਤੇਜ਼ੀ ਨਾਲ ਬੁੱਢਾ ਹੋਣ ਲੱਗਦਾ ਹੈ। ਇਸ ਨਾਲ ਦਿਲ ਦੀਆਂ ਮਾਸਪੇਸ਼ੀਆਂ ਕਮਜ਼ੋਰ ਪੈਂਦੀਆਂ ਹਨ, ਸੋਜ ਵਧਦੀ ਹੈ ਅਤੇ ਹਾਰਟ ਨਾਲ ਜੁੜੀਆਂ ਬੀਮਾਰੀਆਂ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ।

ਨਵੀਂ ਦਵਾਈ ਅਤੇ ਇਲਾਜ ਦੀ ਉਮੀਦ
ਅਧਿਐਨ ਦੌਰਾਨ ਵਿਗਿਆਨੀਆਂ ਨੇ ਇਕ ਵਿਸ਼ੇਸ਼ ਦਵਾਈ ਅਤੇ ਤਕਨੀਕ ’ਚ ਕੰਮ ਕੀਤਾ, ਜੋ ਵੇਗਸ ਨਰਵ ਦੀ ਸਰਗਰਮੀ ਨੂੰ ਵਧਾਉਣ ’ਚ ਮਦਦ ਕਰਦੀ ਹੈ। ਇਸ ਖੋਜ ਨਾਲ ਭਵਿੱਖ ’ਚ ਹਾਰਟ ਸਰਜਰੀ, ਹਾਰਟ ਟ੍ਰਾਂਸਪਲਾਂਟ ਅਤੇ ਕਾਰਡੀਅਕ ਥੈਰੇਪੀ ਦੇ ਖੇਤਰ ’ਚ ਵੱਡਾ ਬਦਲਾਅ ਆਉਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਸਿਹਤ ਮਾਹਿਰਾਂ ਅਨੁਸਾਰ ਵੇਗਸ ਨਰਵ ਦਿਲ ਲਈ ਇਕ ਕੁਦਰਤੀ ਸੁਰੱਖਿਆ ਕਵਚ ਵਾਂਗ ਕੰਮ ਕਰਦੀ ਹੈ। ਜੇਕਰ ਇਸ ਨੂੰ ਸਰਗਰਮ ਅਤੇ ਸਿਹਤਮੰਦ ਰੱਖਿਆ ਜਾਵੇ ਤਾਂ ਦਿਲ ਦੀ ਉਮਰ ਵਧਣ ਦੀ ਪ੍ਰਕਿਰਿਆ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ।
 


author

Inder Prajapati

Content Editor

Related News