ਦਰਦਨਾਕ ਹਾਦਸਾ: ਧਾਰਮਿਕ ਪ੍ਰੋਗਰਾਮ ਦੌਰਾਨ ਕੰਧ ਡਿੱਗਣ ਨਾਲ 6 ਸ਼ਰਧਾਲੂਆਂ ਦੀ ਮੌਤ
Wednesday, May 13, 2026 - 12:08 AM (IST)
ਮੁੰਬਈ : ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਧਾਰਮਿਕ ਸਮਾਗਮ ਦੌਰਾਨ ਵਾਪਰੇ ਹਾਦਸੇ ਵਿੱਚ 6 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ ਹ। ਇਹ ਹਾਦਸਾ ਮੰਗਲਵਾਰ ਸ਼ਾਮ ਨੂੰ ਸਾਂਗਲੀ ਦੇ ਜਤ ਤਾਲੁਕਾ ਦੇ ਪਿੰਡ ਮੋਟੇਵਾੜੀ ਵਿੱਚ ਮਰਗੂਬਾਈ ਦੇਵੀ ਦੇ ਪ੍ਰੋਗਰਾਮ ਦੌਰਾਨ ਵਾਪਰਿਆ।
ਜਾਣਕਾਰੀ ਅਨੁਸਾਰ, ਪ੍ਰੋਗਰਾਮ ਦੌਰਾਨ ਅਚਾਨਕ ਤੇਜ਼ ਹਨ੍ਹੇਰੀ ਅਤੇ ਮੀਂਹ ਸ਼ੁਰੂ ਹੋ ਗਿਆ। ਮੌਸਮ ਤੋਂ ਬਚਣ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਨੇੜੇ ਹੀ ਇੱਕ ਨਿਰਮਾਣ ਅਧੀਨ ਵਾਲੀ ਥਾਂ 'ਤੇ ਲੱਗੇ ਟੀਨ ਦੇ ਸ਼ੈੱਡ ਹੇਠਾਂ ਜਾ ਕੇ ਖੜ੍ਹੇ ਹੋ ਗਏ। ਤੇਜ਼ ਹਵਾ ਕਾਰਨ ਇਹ ਟੀਨ ਦਾ ਸ਼ੈੱਡ ਉੱਡ ਕੇ ਨੇੜੇ ਦੀ ਇੱਕ ਕੱਚੀ ਕੰਧ ਨਾਲ ਜਾ ਟਕਰਾਇਆ, ਜਿਸ ਕਾਰਨ ਕੰਧ ਅਚਾਨਕ ਸ਼ਰਧਾਲੂਆਂ ਉੱਤੇ ਆ ਡਿੱਗੀ।
ਇਸ ਦਰਦਨਾਕ ਹਾਦਸੇ ਵਿੱਚ 12 ਅਤੇ 13 ਸਾਲ ਦੇ ਦੋ ਬੱਚਿਆਂ ਸਣੇ ਕੁੱਲ 6 ਲੋਕਾਂ ਦੀ ਜਾਨ ਚਲੀ ਗਈ ਹੈ। ਮ੍ਰਿਤਕਾਂ ਵਿੱਚੋਂ 4 ਮਹਾਰਾਸ਼ਟਰ ਦੇ ਜਤ ਤਾਲੁਕਾ ਦੇ ਰਹਿਣ ਵਾਲੇ ਸਨ, ਜਦਕਿ 2 ਸ਼ਰਧਾਲੂ ਗੁਆਂਢੀ ਰਾਜ ਕਰਨਾਟਕ ਨਾਲ ਸਬੰਧਤ ਸਨ। ਜ਼ਖਮੀਆਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਇਲਾਜ ਲਈ ਵਿਜੈਪੁਰਾ (ਕਰਨਾਟਕ) ਅਤੇ ਮਿਰਜ (ਮਹਾਰਾਸ਼ਟਰ) ਦੇ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ ਹੈ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ। ਪ੍ਰਸ਼ਾਸਨਿਕ ਅਧਿਕਾਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ ਅਤੇ ਜ਼ਖਮੀਆਂ ਨੂੰ ਹਰ ਸੰਭਵ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਕਈ ਸਿਆਸੀ ਆਗੂਆਂ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ।
