ਮਾਤਮ ''ਚ ਬਦਲੀਆਂ ਖੁਸ਼ੀਆਂ: ਧੀ ਦੇ ਘਰ ਜਗਰਾਤੇ ਤੋਂ ਪਰਤ ਰਹੀ ਮਾਂ ਦੀ ਦਰਦਨਾਕ ਮੌਤ
Sunday, Oct 18, 2026 - 01:55 PM (IST)
ਗੁਰਦਾਸਪੁਰ(ਹਰਮਨ)- ਧੀ ਦੇ ਘਰ ਜਗਰਾਤੇ ਦੀਆਂ ਖ਼ੁਸ਼ੀਆਂ 'ਚ ਸ਼ਾਮਲ ਹੋ ਕੇ ਆਪਣੇ ਘਰ ਪਰਤ ਰਹੇ ਇੱਕ ਜੋੜੇ ਦੀਆਂ ਖ਼ੁਸ਼ੀਆਂ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ, ਜਦੋਂ ਮੁਕੇਰੀਆਂ–ਗੁਰਦਾਸਪੁਰ ਮੁੱਖ ਮਾਰਗ ’ਤੇ ਪੁਰਾਣਾ ਸ਼ਾਲਾ ਚੌਂਕ ਨੇੜੇ ਵਾਪਰੇ ਸੜਕ ਹਾਦਸੇ ਵਿੱਚ 60 ਸਾਲਾ ਔਰਤ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਜ਼ਖ਼ਮੀ ਹੋ ਗਿਆ। ਮ੍ਰਿਤਕਾ ਦੀ ਪਛਾਣ ਕਮਲਜੀਤ ਕੌਰ ਪਤਨੀ ਤਰਸੇਮ ਸਿੰਘ, ਵਾਸੀ ਚੌਂਕੀ ਬਰਿਆਰ, ਗੁਰਦਾਸਪੁਰ ਵਜੋਂ ਹੋਈ ਹੈ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ-ਪਠਾਨਕੋਟ 'ਚ 60 ਇਮਾਰਤਾਂ 'ਤੇ ਬੁਲਡੋਜ਼ਰ ਦਾ ਖ਼ਤਰਾ ! ਸੁਪਰੀਮ ਕੋਰਟ ਨੇ ਟਰੱਸਟ ਦੇ ਹੱਕ 'ਚ ਸੁਣਾਇਆ ਫੈਸਲਾ
ਪ੍ਰਾਪਤ ਜਾਣਕਾਰੀ ਅਨੁਸਾਰ ਕਮਲਜੀਤ ਕੌਰ ਆਪਣੇ ਪਤੀ ਤਰਸੇਮ ਸਿੰਘ ਨਾਲ ਐਕਟਿਵਾ ਸਕੂਟਰ ’ਤੇ ਮੁਕੇਰੀਆਂ ਵਾਲੇ ਪਾਸਿਓਂ ਗੁਰਦਾਸਪੁਰ ਵੱਲ ਆ ਰਹੀ ਸੀ। ਜਦੋਂ ਉਹ ਪੁਰਾਣਾ ਸ਼ਾਲਾ ਬਾਜ਼ਾਰ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੇ ਇੱਕ ਟਿੱਪਰ ਦੀ ਲਪੇਟ ਵਿੱਚ ਆ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਕਮਲਜੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਜ਼ਖ਼ਮੀ ਤਰਸੇਮ ਸਿੰਘ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- 20 ਅਕਤੂਬਰ ਨੂੰ ਪੰਜਾਬ ਆਉਣਗੇ ਅਮਿਤ ਸ਼ਾਹ, ਰਵਨੀਤ ਬਿੱਟੂ ਨੇ ਸਾਂਝੀ ਕੀਤੀ ਜਾਣਕਾਰੀ
ਧੀ ਦੇ ਘਰੋਂ ਖ਼ੁਸ਼ੀ-ਖ਼ੁਸ਼ੀ ਵਿਦਾ ਹੋਈ ਮਾਂ ਘਰ ਨਾ ਪਹੁੰਚ ਸਕੀ
ਹਾਦਸੇ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਕਮਲਜੀਤ ਕੌਰ ਆਪਣੇ ਪਤੀ ਨਾਲ ਪਿੰਡ ਨੌਸ਼ਹਿਰਾ ਪੱਤਣ ਵਿਖੇ ਆਪਣੀ ਧੀ ਦੇ ਘਰ ਕਰਵਾਏ ਗਏ ਜਗਰਾਤੇ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਪਰਤ ਰਹੀ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਖ਼ੁਸ਼ੀਆਂ ਭਰਿਆ ਇਹ ਸਫ਼ਰ ਪਰਿਵਾਰ ਲਈ ਜ਼ਿੰਦਗੀ ਭਰ ਨਾ ਭੁੱਲਣ ਵਾਲਾ ਦੁੱਖ ਬਣ ਜਾਵੇਗਾ। ਕਮਲਜੀਤ ਕੌਰ ਆਪਣੇ ਪਿੱਛੇ ਤਿੰਨ ਧੀਆਂ, ਦੋ ਪੁੱਤਰਾਂ ਅਤੇ ਭਰੇ-ਪੂਰੇ ਪਰਿਵਾਰ ਨੂੰ ਛੱਡ ਗਈ ਹੈ। ਮਾਂ ਦੇ ਅਚਾਨਕ ਵਿਛੋੜੇ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇੱਕ ਪਾਸੇ ਮਾਂ ਦੀ ਮੌਤ ਦਾ ਅਸਹਿ ਦੁੱਖ ਅਤੇ ਦੂਜੇ ਪਾਸੇ ਜ਼ਖ਼ਮੀ ਪਿਤਾ ਦੀ ਚਿੰਤਾ ਨੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸਭ ਤੋਂ ਵੱਡੀ ਦਵਾਈਆਂ ਵਾਲੀ ਮਾਰਕੀਟ 'ਚ ਡਰੱਗ ਵਿਭਾਗ ਦਾ ਛਾਪਾ, ਲੱਖਾਂ ਦੀਆਂ ਰੁਪਏ ਦਵਾਈਆਂ ਜ਼ਬਤ
ਮੁਕੇਰੀਆਂ–ਗੁਰਦਾਸਪੁਰ ਮਾਰਗ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਨੇ ਖੜ੍ਹੇ ਕੀਤੇ ਸਵਾਲ
ਇਸ ਹਾਦਸੇ ਤੋਂ ਬਾਅਦ ਮੁਕੇਰੀਆਂ–ਗੁਰਦਾਸਪੁਰ ਮੁੱਖ ਮਾਰਗ ’ਤੇ ਸੜਕ ਸੁਰੱਖਿਆ ਅਤੇ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਲੈ ਕੇ ਮੁੜ ਸਵਾਲ ਉੱਠਣ ਲੱਗੇ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਮਾਰਗ ’ਤੇ ਰੇਤ, ਬਜਰੀ ਅਤੇ ਹੋਰ ਸਮੱਗਰੀ ਲੈ ਕੇ ਜਾਣ ਵਾਲੇ ਟਿੱਪਰਾਂ ਸਮੇਤ ਭਾਰੀ ਵਾਹਨਾਂ ਦੀ ਆਵਾਜਾਈ ਲਗਾਤਾਰ ਵਧ ਰਹੀ ਹੈ। ਉਨ੍ਹਾਂ ਅਨੁਸਾਰ ਇਸ ਸੜਕ ’ਤੇ ਪਹਿਲਾਂ ਵੀ ਹਾਦਸੇ ਵਾਪਰਦੇ ਰਹੇ ਹਨ, ਜਿਸ ਕਾਰਨ ਰਾਹਗੀਰਾਂ ਅਤੇ ਦੋਪਹੀਆ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਇੱਟਾਂ ਦੇ ਭਾਅ ਨੇ ਤੋੜੇ ਰਿਕਾਰਡ, ਪ੍ਰਤੀ ਹਜ਼ਾਰ ਇੱਟ ਦਾ ਮੁੱਲ ਸੁਣ ਲੱਗੇਗਾ ਝਟਕਾ
ਟਿੱਪਰ ਚਾਲਕ ਖ਼ਿਲਾਫ਼ ਕਾਰਵਾਈ ਦੀ ਮੰਗ, ਸੜਕ ਚਾਰ ਮਾਰਗੀ ਬਣਾਉਣ ’ਤੇ ਜ਼ੋਰ
ਹਾਦਸੇ ਤੋਂ ਬਾਅਦ ਪੀੜਤ ਪਰਿਵਾਰ ਵਿੱਚ ਟਿੱਪਰ ਚਾਲਕ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਪਰਿਵਾਰ ਵੱਲੋਂ ਹਾਦਸੇ ਲਈ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉੱਧਰ, ਇਲਾਕਾ ਵਾਸੀਆਂ ਨੇ ਸਰਕਾਰ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਮੁਕੇਰੀਆਂ–ਗੁਰਦਾਸਪੁਰ ਮੁੱਖ ਮਾਰਗ ਨੂੰ ਪਹਿਲ ਦੇ ਆਧਾਰ ’ਤੇ ਚਾਰ ਮਾਰਗੀ ਬਣਾਇਆ ਜਾਵੇ। ਇਸ ਦੇ ਨਾਲ ਹੀ ਭਾਰੀ ਵਾਹਨਾਂ ਦੀ ਰਫ਼ਤਾਰ ’ਤੇ ਨਿਯੰਤਰਣ ਰੱਖਣ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾਣ, ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਪਰਿਵਾਰ ਨੂੰ ਇਸ ਤਰ੍ਹਾਂ ਦੇ ਅਸਹਿ ਦੁੱਖ ਦਾ ਸਾਹਮਣਾ ਨਾ ਕਰਨਾ ਪਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
