ਪੰਜਾਬ: ਹਾਦਸੇ ''ਚ ਪੁੱਤਰ ਦੀ ਮੌਤ ਹੋਣ ਮਗਰੋਂ ਸਦਮਾ ਨਾ ਸਹਾਰ ਸਕਿਆ ਜ਼ਖ਼ਮੀ ਪਿਤਾ, ਇਲਾਜ ਦੌਰਾਨ ਤੋੜਿਆ ਦਮ
Sunday, Oct 25, 2026 - 07:59 PM (IST)
ਕਪੂਰਥਲਾ (ਓਬਰਾਏ, ਗੁਰਪ੍ਰੀਤ)- ਸੁਲਤਾਨਪੁਰ ਲੋਧੀ ਦੇ ਪਿੰਡ ਦੁਰਗਾਪੁਰ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ਨੇ ਇਕ ਹੱਸਦੇ-ਵੱਸਦੇ ਪਰਿਵਾਰ ਦੀਆਂ ਖ਼ੁਸ਼ੀਆਂ ਉਜਾੜ ਕੇ ਰੱਖ ਦਿੱਤੀਆਂ। ਮੋਟਰਸਾਈਕਲ ਅਤੇ ਕੰਬਾਈਨ ਵਿਚਾਲੇ ਹੋਈ ਆਹਮੋ-ਸਾਹਮਣੇ ਦੀ ਟੱਕਰ ਵਿੱਚ ਪਹਿਲਾਂ 25 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ, ਜਦਕਿ ਗੰਭੀਰ ਜ਼ਖ਼ਮੀ ਹੋਏ ਉਸ ਦੇ ਪਿਤਾ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਦਰਦਨਾਕ ਘਟਨਾ 'ਚ ਪਿਓ-ਪੁੱਤ ਦੋਵਾਂ ਦੀ ਮੌਤ ਹੋਣ ਕਾਰਨ ਪਿੰਡ ਦੁਰਗਾਪੁਰ ਅਤੇ ਆਲੇ-ਦੁਆਲੇ ਦੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਰਾਜਵਿੰਦਰ ਸਿੰਘ (25) ਅਤੇ ਉਸ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਪਿੰਡ ਦੁਰਗਾਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿਓ-ਪੁੱਤ ਦੋਵੇਂ ਪਿੰਡ ਭਾਣੋ ਲੰਗਾ ਦੇ ਅੱਡੇ ’ਤੇ ਹੇਅਰ ਸਲੂਨ ਦੀ ਦੁਕਾਨ ਕਰਦੇ ਸਨ। ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਨ ਤੋਂ ਬਾਅਦ ਦੋਵੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਦੁਰਗਾਪੁਰ ਵਾਪਸ ਪਰਤ ਰਹੇ ਸਨ ਪਰ ਘਰ ਪਹੁੰਚਣ ਤੋਂ ਪਹਿਲਾਂ ਹੀ ਰਸਤੇ 'ਚ ਉਨ੍ਹਾਂ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ: ਕੁੱਲ੍ਹੜ ਪਿੱਜ਼ਾ ਫੇਮ ਸਹਿਜ ਅਰੋੜਾ ਦੀ ਬੀਮਾਰੀ 'ਤੇ ਭਰਾ ਨੇ ਤੋੜੀ ਚੁੱਪੀ! ਹਸਪਾਤਲ ਤੋਂ ਵਾਇਰਲ ਵੀਡੀਓ ਬਾਰੇ ਖੋਲ੍ਹਿਆ ਵੱਡਾ ਰਾਜ਼

ਕੰਬਾਈਨ ਨਾਲ ਹੋਈ ਭਿਆਨਕ ਟੱਕਰ, ਪੁੱਤਰ ਦੀ ਮੌਕੇ ’ਤੇ ਮੌਤ
ਜਾਣਕਾਰੀ ਮੁਤਾਬਕ ਪਿੰਡ ਦੁਰਗਾਪੁਰ ਵਿਖੇ ਉਨ੍ਹਾਂ ਦੇ ਮੋਟਰਸਾਈਕਲ ਦੀ ਕੰਬਾਈਨ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਪਿਓ-ਪੁੱਤ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿੱਚ 25 ਸਾਲਾ ਰਾਜਵਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਉਸ ਦੇ ਪਿਤਾ ਬਲਵਿੰਦਰ ਸਿੰਘ ਨੂੰ ਗੰਭੀਰ ਹਾਲਤ ਵਿੱਚ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਪੁੱਤਰ ਦੀ ਮੌਤ ਤੋਂ ਬਾਅਦ ਪਿਤਾ ਨੇ ਵੀ ਤੋੜਿਆ ਦਮ
ਹਾਦਸੇ ਤੋਂ ਬਾਅਦ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਹੇ ਬਲਵਿੰਦਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਸੀ। ਇਸ ਦੌਰਾਨ ਦੇਰ ਰਾਤ ਇਲਾਜ ਅਧੀਨ ਉਨ੍ਹਾਂ ਦੀ ਵੀ ਮੌਤ ਹੋ ਗਈ। ਇੱਕ ਪਾਸੇ ਜਵਾਨ ਪੁੱਤਰ ਦੀ ਮੌਤ ਦਾ ਦੁੱਖ ਅਤੇ ਦੂਜੇ ਪਾਸੇ ਪਿਤਾ ਦੀ ਮੌਤ ਦੀ ਖ਼ਬਰ ਨੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ। ਜਿਹੜੇ ਪਿਓ-ਪੁੱਤ ਰੋਜ਼ੀ-ਰੋਟੀ ਕਮਾਉਣ ਤੋਂ ਬਾਅਦ ਇਕੱਠੇ ਆਪਣੇ ਘਰ ਵਾਪਸ ਪਰਤ ਰਹੇ ਸਨ, ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਸਫ਼ਰ ਉਨ੍ਹਾਂ ਦੇ ਪਰਿਵਾਰ ਲਈ ਕਦੇ ਨਾ ਭੁੱਲਣ ਵਾਲਾ ਦੁਖਾਂਤ ਬਣ ਜਾਵੇਗਾ। ਇਸ ਹਾਦਸੇ ਨੇ ਪਰਿਵਾਰ ਤੋਂ ਦੋ ਕੀਮਤੀ ਜਾਨਾਂ ਖੋਹ ਲਈਆਂ ਹਨ। ਘਟਨਾ ਦੀ ਖ਼ਬਰ ਮਿਲਣ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਹਾਦਸੇ ਨੇ ਉਜਾੜਿਆ ਪਰਿਵਾਰ, 5 ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ

ਪੁਲਸ ਨੇ ਦੋਵੇਂ ਵਾਹਨ ਕਬਜ਼ੇ ’ਚ ਲਏ, ਕੰਬਾਈਨ ਚਾਲਕ ਦੀ ਭਾਲ
ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਨੁਸਾਰ, ਕੰਬਾਈਨ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਕੰਬਾਈਨ ਨੰਬਰ PB08BT8493 ਅਤੇ ਮੋਟਰਸਾਈਕਲ ਨੰਬਰ PB09F3437 ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਸ ਵੱਲੋਂ ਦੱਸਿਆ ਗਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਕੰਬਾਈਨ ਚਾਲਕ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦਰਦਨਾਕ ਹਾਦਸੇ ਨੇ ਇੱਕ ਵਾਰ ਫਿਰ ਸੜਕ ਸੁਰੱਖਿਆ ਅਤੇ ਭਾਰੀ ਖੇਤੀਬਾੜੀ ਮਸ਼ੀਨਰੀ ਦੀ ਆਵਾਜਾਈ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਉੱਧਰ ਇਕੋ ਪਰਿਵਾਰ ਦੇ ਪਿਓ-ਪੁੱਤ ਦੀ ਮੌਤ ਨੇ ਪਿੰਡ ਦੁਰਗਾਪੁਰ ਨੂੰ ਗਮਗੀਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬ: ਪਿਓ-ਪੁੱਤ ਨਾਲ ਵਾਪਰਿਆ ਵੱਡਾ ਹਾਦਸਾ! ਕੰਬਾਈਨ ਤੇ ਮੋਟਰਸਾਈਕਲ ਦੀ ਟੱਕਰ, ਪੁੱਤਰ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
