ਖਾਟੂ ਸ਼ਿਆਮ ਜੀ ਦੇ ਦਰਸ਼ਨ ਕਰਕੇ ਪਰਤ ਰਹੇ 6 ਦੋਸਤਾਂ ਨਾਲ ਵਾਪਰਿਆ ਭਾਣਾ, 4 ਦੀ ਮੌਤ
Saturday, Oct 24, 2026 - 01:23 AM (IST)
ਜੈਪੁਰ : ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਖੇ ਨੈਸ਼ਨਲ ਹਾਈਵੇਅ-148 'ਤੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਇਹ ਦਰਦਨਾਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਖਾਟੂ ਸ਼ਿਆਮ ਜੀ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਛੇ ਦੋਸਤਾਂ ਦੀ ਤੇਜ਼ ਰਫ਼ਤਾਰ ਕਾਰ ਦਾ ਟਾਇਰ ਫਟਣ ਕਾਰਨ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਡੂੰਘੀ ਖੱਡ ਵਿੱਚ ਜਾ ਡਿੱਗੀ।
ਜਾਣਕਾਰੀ ਅਨੁਸਾਰ ਇਹ ਹਾਦਸਾ ਰਾਇਸਰ ਥਾਣਾ ਖੇਤਰ ਅਧੀਨ ਪੈਂਦੇ ਨੈਸ਼ਨਲ ਹਾਈਵੇਅ-148 'ਤੇ ਵਾਪਰਿਆ। ਉੱਤਰ ਪ੍ਰਦੇਸ਼ ਦੇ ਆਗਰਾ ਦੇ ਰਹਿਣ ਵਾਲੇ ਛੇ ਦੋਸਤ ਖਾਟੂ ਸ਼ਿਆਮ ਜੀ ਮੰਦਰ ਵਿੱਚ ਮੱਥਾ ਟੇਕਣ ਤੋਂ ਬਾਅਦ ਕਾਰ ਰਾਹੀਂ ਆਪਣੇ ਘਰਾਂ ਨੂੰ ਪਰਤ ਰਹੇ ਸਨ। ਹਾਈਵੇਅ 'ਤੇ ਸਫ਼ਰ ਦੌਰਾਨ ਅਚਾਨਕ ਕਾਰ ਦਾ ਟਾਇਰ ਫਟ ਗਿਆ, ਜਿਸ ਕਾਰਨ ਚਾਲਕ ਵਾਹਨ ਤੋਂ ਕੰਟਰੋਲ ਗੁਆ ਬੈਠਾ ਅਤੇ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਖੱਡ 'ਚ ਜਾ ਡਿੱਗੀ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸਵਾਰ ਚਾਰ ਨੌਜਵਾਨਾਂ— ਅਤੁਲ, ਮੁਕੁਲ, ਰੂਪੇਸ਼ ਅਤੇ ਸ਼ਿਵਾ ਦੀ ਮੌਕੇ 'ਤੇ ਹੀ ਜਾਨ ਚਲੀ ਗਈ। ਜਦਕਿ ਰਾਹੁਲ ਅਤੇ ਅਰਪਿਤ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਮੌਕੇ 'ਤੇ ਚੀਕ-ਚਿਹਾੜਾ ਪੈ ਗਿਆ ਅਤੇ ਹਾਈਵੇਅ 'ਤੇ ਵਾਹਨਾਂ ਦਾ ਲੰਬਾ ਜਾਮ ਲੱਗ ਗਿਆ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਤੁਰੰਤ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
