ਦਰਦਨਾਕ ਹਾਦਸਾ: ਟਰੈਕਟਰ-ਟਰਾਲੀ ਨੇ ਐਕਟਿਵਾ ਨੂੰ ਮਾਰੀ ਟੱਕਰ, ਮਾਂ ਸਾਹਮਣੇ 2 ਬੱਚਿਆਂ ਦੀ ਮੌਤ

Sunday, Oct 25, 2026 - 04:05 AM (IST)

ਦਰਦਨਾਕ ਹਾਦਸਾ: ਟਰੈਕਟਰ-ਟਰਾਲੀ ਨੇ ਐਕਟਿਵਾ ਨੂੰ ਮਾਰੀ ਟੱਕਰ, ਮਾਂ ਸਾਹਮਣੇ 2 ਬੱਚਿਆਂ ਦੀ ਮੌਤ

ਯਮੁਨਾਨਗਰ - ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਅਧੀਨ ਪੈਂਦੇ ਜਗਾਧਰੀ ਵਿਖੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੀਆਂ ਖ਼ੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਸਰਸਵਤੀ ਸਕੂਲ ਦੇ ਸਾਹਮਣੇ ਆਪਣੇ ਤਿੰਨ ਬੱਚਿਆਂ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਘਰ ਪਰਤ ਰਹੀ ਇੱਕ ਔਰਤ ਨੂੰ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਭੈਣ-ਭਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਮਾਂ ਅਤੇ ਉਸ ਦਾ ਡੇਢ ਸਾਲ ਦਾ ਬੇਟਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਮੁਰਸ਼ਿਦ ਨਾਂ ਦੀ ਔਰਤ ਆਪਣੇ ਤਿੰਨਾਂ ਬੱਚਿਆਂ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਆਪਣੇ ਘਰ ਜਾ ਰਹੀ ਸੀ। ਜਿਵੇਂ ਹੀ ਉਹ ਸਰਸਵਤੀ ਸਕੂਲ ਦੇ ਸਾਹਮਣੇ ਪਹੁੰਚੀ, ਤਾਂ ਇੱਕ ਟਰੈਕਟਰ-ਟਰਾਲੀ ਨੇ ਉਸ ਦੀ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਔਰਤ ਅਤੇ ਉਸ ਦੇ ਬੱਚੇ ਸੜਕ 'ਤੇ ਜਾ ਡਿੱਗੇ। ਹਾਦਸੇ ਵਿੱਚ ਮੁਰਸ਼ਿਦ ਦੀ 16 ਸਾਲਾ ਧੀ ਅਤੇ 4 ਸਾਲਾ ਪੁੱਤਰ ਦੀ ਮੌਤ ਹੋ ਗਈ। ਜਿਸ ਮਾਂ ਨਾਲ ਬੱਚੇ ਹੱਸਦੇ-ਖੇਡਦੇ ਘਰ ਪਰਤ ਰਹੇ ਸਨ, ਉਸੇ ਮਾਂ ਦੇ ਸਾਹਮਣੇ ਉਸ ਦੇ ਦੋ ਮਾਸੂਮ ਬੱਚਿਆਂ ਦੀ ਜਾਨ ਚਲੀ ਗਈ।

ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਈ ਮੁਰਸ਼ਿਦ ਅਤੇ ਉਸ ਦੇ ਡੇਢ ਸਾਲ ਦੇ ਬੇਟੇ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਮੁਢਲੇ ਇਲਾਜ ਤੋਂ ਬਾਅਦ ਪੀ.ਜੀ.ਆਈ. (PGI) ਚੰਡੀਗੜ੍ਹ ਰੈਫ਼ਰ ਕਰ ਦਿੱਤਾ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਵੇਂ ਮ੍ਰਿਤਕ ਬੱਚਿਆਂ ਦੀਆਂ ਦੇਹਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਯਮੁਨਾਨਗਰ ਦੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਭੇਜ ਦਿੱਤਾ। ਪੁਲਸ ਨੇ ਹਾਦਸਾਗ੍ਰਸਤ ਟਰੈਕਟਰ-ਟਰਾਲੀ ਨੂੰ ਜ਼ਬਤ ਕਰ ਲਿਆ ਹੈ, ਜਦਕਿ ਹਾਦਸੇ ਤੋਂ ਬਾਅਦ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਫਰਾਰ ਡਰਾਈਵਰ ਦੀ ਭਾਲ ਜਾਰੀ ਹੈ।
 


author

Inder Prajapati

Content Editor

Related News