24 ਘੰਟਿਆਂ ਵਿਚ 4 ਅੱਤਵਾਦੀ ਹਮਲੇ : ਸ਼੍ਰੀਨਗਰ ’ਚ ਜਵਾਨ ਸ਼ਹੀਦ, 2 ਮਜ਼ਦੂਰ ਤੇ ਕਸ਼ਮੀਰੀ ਪੰਡਿਤ ਜ਼ਖ਼ਮੀ

Tuesday, Apr 05, 2022 - 11:52 AM (IST)

24 ਘੰਟਿਆਂ ਵਿਚ 4 ਅੱਤਵਾਦੀ ਹਮਲੇ : ਸ਼੍ਰੀਨਗਰ ’ਚ ਜਵਾਨ ਸ਼ਹੀਦ, 2 ਮਜ਼ਦੂਰ ਤੇ ਕਸ਼ਮੀਰੀ ਪੰਡਿਤ ਜ਼ਖ਼ਮੀ

ਸ਼੍ਰੀਨਗਰ (ਭਾਸ਼ਾ/ਅਰੀਜ)- ਸੁਰੱਖਿਆ ਫ਼ੋਰਸਾਂ ਦੀ ਕਾਰਵਾਈ ਵਲੋਂ ਬੌਖਲਾਏ ਅੱਤਵਾਦੀਆਂ ਨੇ 24 ਘੰਟਿਆਂ ਵਿਚ ਘਾਟੀ ’ਚ 4 ਹਮਲੇ ਕੀਤੇ ਹਨ। ਸ਼ੋਪੀਆਂ ਜ਼ਿਲ੍ਹੇ 'ਚ ਸੋਮਵਾਰ ਨੂੰ ਅੱਤਵਾਦੀਆਂ ਨੇ ਇਕ ਕਸ਼ਮੀਰੀ ਪੰਡਿਤ ਦੁਕਾਨਦਾਰ ’ਤੇ ਗੋਲੀ ਚਲਾਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਸ਼੍ਰੀਨਗਰ ਦੇ ਇਕ ਫ਼ੌਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜੰਮੂ-ਕਸ਼ਮੀਰ ਦੀ ਗਰਮੀ ਰੁੱਤ ਦੀ ਰਾਜਧਾਨੀ ਦੇ ਸਿਟੀ ਸੈਂਟਰ ਵਿਚ ਸੋਮਵਾਰ ਨੂੰ ਅੱਤਵਾਦੀ ਹਮਲੇ ਵਿਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੇ 2 ਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਮੈਸੁਮਾ ਇਲਾਕੇ ਵਿਚ ਅੱਤਵਾਦੀਆਂ ਨੇ ਸੀ. ਆਰ. ਪੀ. ਐੱਫ. ਜਵਾਨਾਂ ’ਤੇ ਗੋਲੀਬਾਰੀ ਕੀਤੀ, ਜਿਸ ਵਿਚ 2 ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਜਵਾਨਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਇਕ ਜਵਾਨ ਦੀ ਮੌਤ ਹੋ ਗਈ।

ਓਧਰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਅੱਤਵਾਦੀਆਂ ਨੇ ਸੋਮਵਾਰ ਨੂੰ 2 ਗ਼ੈਰ-ਸਥਾਨਕ ਮਜ਼ਦੂਰਾਂ ’ਤੇ ਹਮਲਾ ਕਰ ਦਿੱਤਾ, ਜਿਸ ਵਿਚ ਉਹ ਜ਼ਖਮੀ ਹੋ ਗਏ। ਪਿਛਲੇ 24 ਘੰਟਿਆਂ ਵਿਚ ਇਹ ਦੂਜੀ ਘਟਨਾ ਹੈ, ਜਿਸ ਵਿਚ ਗ਼ੈਰ-ਸਥਾਨਕ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਧਿਕਾਰਕ ਸੂਤਰਾਂ ਨੇ ਕਿਹਾ ਕਿ ਪੁਲਵਾਮਾ ਦੇ ਲਿਜੋਰਾ ਪਿੰਡ ਵਿਚ 2 ਬਿਹਾਰ ਦੇ ਮਜ਼ਦੂਰਾਂ ’ਤੇ ਹਮਲਾ ਕੀਤਾ। ਇਸ ਤੋਂ ਪਹਿਲਾਂ ਐਤਵਾਰ ਸ਼ਾਮ ਨੂੰ ਪੁਲਵਾਮਾ ਦੇ ਨੌਪੋਰਾ ਲਿਟਰ ਇਲਾਕੇ ਵਿਚ ਪੰਜਾਬ ਦੇ ਪਠਾਨਕੋਟ ਵਾਸੀ ਧੀਰਜ ਦੱਤ ਅਤੇ ਸੁਰਿੰਦਰ ਸਿੰਘ ’ਤੇ ਫਾਇਰਿੰਗ ਕੀਤੀ ਗਈ ਸੀ। ਉਥੇ ਹੀ ਨੌਸ਼ਹਿਰਾ ਸੈਕਟਰ ’ਚ ਭਾਰਤੀ ਫ਼ੌਜ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਇਕ ਪਾਕਿ ਘੁਸਪੈਠੀਏ ਨੂੰ ਢੇਰ ਕਰ ਦਿੱਤਾ, ਜਦਕਿ ਉਸ ਦੇ 3 ਹੋਰ ਸਾਥੀ ਵਾਪਸ ਪਾਕਿਸਤਾਨ ਵੱਲ ਭੱਜਣ ’ਚ ਸਫ਼ਲ ਰਹੇ। ਮਾਰੇ ਗਏ ਘੁਸਪੈਠੀਏ ਕੋਲੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਹੋਇਆ ਹੈ। ਜਾਣਕਾਰੀ ਅਨੁਸਾਰ ਨੌਸ਼ਹਿਰਾ ਸੈਕਟਰ ਦੀ ਮੋਹਰੀ ਚੌਕੀ ’ਤੇ ਰਾਤ ਸਮੇਂ ਭਾਰਤੀ ਫ਼ੌਜ ਦੇ ਜਵਾਨਾਂ ਨੇ ਹਲਚਲ ਦੇਖਣ ’ਤੇ ਗੋਲੀਬਾਰੀ ਕੀਤੀ, ਜਿਸ ਵਿਚ ਕੰਟਰੋਲ ਲਾਈਨ ’ਤੇ ਇਕ ਘੁਸਪੈਠੀਆ ਢੇਰ ਹੋ ਗਿਆ।


author

DIsha

Content Editor

Related News