ਈਰਾਨ 'ਚ ਫਸੇ 250 ਭਾਰਤੀ ਕੋਰੋਨਾ ਪਾਜ਼ੀਟਿਵ, SC ਨੇ ਦਿਵਾਇਆ ਸੁਰੱਖਿਅਤ ਵਾਪਸੀ ਦਾ ਭਰੋਸਾ

Thursday, Apr 02, 2020 - 01:44 PM (IST)

ਨਵੀਂ ਦਿੱਲੀ— ਦੁਨੀਆ ਭਰ 'ਚ ਕੋਰੋਨਾ ਵਾਇਰਸ ਕਾਰਨ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ 46 ਹਜ਼ਾਰ ਤੋਂ ਪਾਰ ਹੋ ਗਈ ਹੈ। ਕੋਰੋਨਾ ਦੇ ਸੰਕਟ ਦਰਮਿਆਨ ਕੇਂਦਰ ਸਰਕਾਰ ਵਿਦੇਸ਼ਾਂ 'ਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਯਕੀਨੀ ਕਰ ਰਹੀ ਹੈ। ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਕਿਹਾ ਕਿ ਈਰਾਨ ਦੇ ਸ਼ਹਿਰ ਕਯੋਮ 'ਚ ਤੀਰਥ ਯਾਤਰਾ 'ਤੇ ਗਏ 250 ਭਾਰਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਹ ਸਾਰੇ ਲੋਕ ਅਜੇ ਉੱਥੇ ਹੀ ਹਨ। ਦਰਅਸਲ ਕੋਰੋਨਾ ਤੋਂ ਪ੍ਰਭਾਵਿਤ ਈਰਾਨ 'ਚ ਫਸੇ ਸ਼ੀਆ ਤੀਰਥ ਯਾਤਰੀਆਂ ਨੂੰ ਭਾਰਤ ਵਾਪਸ ਲਿਆਉਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਕੋਰਟ ਨੇ ਕਿਹਾ ਕਿ ਜਦੋਂ  ਵੀ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋਵੇਗਾ, ਅਸੀਂ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦੇ ਕੇਂਦਰ ਨੂੰ ਆਦੇਸ਼ ਜਾਰੀ ਕਰਾਂਗੇ।

ਸੁਪਰੀਮ ਕੋਰਟ ਨੇ ਇਨ੍ਹਾਂ ਤੀਰਥ ਯਾਤਰੀਆਂ ਦੀ ਵਾਪਸੀ ਲਈ ਕੇਂਦਰ ਸਰਕਾਰ ਅਤੇ ਤਹਿਰਾਨ ਸਥਿਤ ਭਾਰਤੀ ਦੂਤਘਰ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ 'ਤੇ ਸੰਤੋਸ਼ ਜ਼ਾਹਰ ਕੀਤਾ ਹੈ। ਜਸਟਿਸ ਡੀ. ਵਾਈ ਚੰਦਰਚੂੜ ਅਤੇ ਜਸਟਿਸ ਐੱਮ. ਆਰ. ਸ਼ਾਹ ਦੀ ਬੈਂਚ ਨੇ ਬੁੱਧਵਾਰ ਨੂੰ ਹੋਈ ਇਸ ਦੀ ਸੁਣਵਾਈ ਦੌਰਾਨ ਕਿਹਾ ਸੀ ਕਿ ਉਹ ਇਸ ਪਟੀਸ਼ਨ ਦਾ ਨਿਪਟਾਰਾ ਛੇਤੀ ਹੀ ਕਰ ਦੇਵੇਗੀ ਅਤੇ ਪਟੀਸ਼ਨਕਰਤਾ ਨੂੰ ਇਸ ਗੱਲ ਦੀ ਛੋਟ ਦੇਵੇਗੀ ਕਿ ਉਹ ਆਪਣੀ ਮੰਗ ਪੂਰੀ ਨਾ ਹੋਣ ਦੀ ਸਥਿਤੀ 'ਚ ਫਿਰ ਤੋਂ ਕੋਰਟ ਦਾ ਦਰਵਾਜ਼ਾ ਖੜਕਾ ਸਕਣਗੇ। 

ਕੋਰਟ ਦੀ ਵੈੱਬਸਾਈਟ 'ਤੇ ਦੇਰ ਰਾਤ ਜਾਰੀ ਕੀਤੇ ਗਏ ਆਦੇਸ਼ 'ਚ ਕਿਹਾ ਗਿਆ ਹੈ ਕਿ ਸਰਕਾਰ ਕੋਰੋਨਾ ਦੇ ਇਨਫੈਕਸ਼ਨ ਦੇ ਫੈਲਣ ਦੀ ਘਟਨਾ ਦੇ ਮੱਦੇਨਜ਼ਰ ਈਰਾਨ ਤੋਂ ਹੁਣ ਤਕ 1142 ਭਾਰਤੀਆਂ ਨੂੰ ਵਾਪਸ ਲਿਆ ਚੁੱਕੀ ਹੈ, ਜਿਨ੍ਹਾਂ ਨੂੰ ਕੁਆਰੰਟਾਈਨ 'ਚ ਰੱਖਿਆ ਗਿਆ ਹੈ। ਈਰਾਨ 'ਚ ਬਾਕੀ ਬਚੇ 250 ਭਾਰਤੀ ਤੀਰਥ ਯਾਤਰੀਆਂ ਦੀ ਸੁਰੱਖਿਅਤ ਵਾਪਸੀ ਲਈ ਭਾਰਤੀ ਦੂਤਘਰ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰ ਰਿਹਾ ਹੈ। ਕੋਰਟ ਨੇ ਇਸ ਮਾਮਲੇ 'ਚ ਭਾਰਤ ਸਰਕਾਰ ਵਲੋਂ ਕੀਤੇ ਜਾ ਰਹੇ ਕੰਮ 'ਤੇ ਸੰਤੋਸ਼ ਜਤਾਇਆ। ਕੋਰਟ 'ਚ ਬੁੱਧਵਾਰ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਏ ਸੁਣਵਾਈ ਵਿਚ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਸੀ ਕਿ ਜ਼ਿਆਦਾਤਰ ਲੋਕ ਵਾਪਸ ਲਿਆਂਦੇ ਜਾ ਚੁੱਕੇ ਹਨ। ਸਾਰੀਆਂ ਫਲਾਈਟਾਂ ਰੱਦ ਹਨ, ਅਜਿਹੇ ਵਿਚ ਸਰਕਾਰ ਵਿਦੇਸ਼ ਮੰਤਰਾਲਾ ਜ਼ਰੀਏ ਉੱਥੇ ਉਨ੍ਹਾਂ ਲੋਕਾਂ ਦੇ ਸੰਪਰਕ ਵਿਚ ਹੈ ਅਤੇ ਉਨ੍ਹਾਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਕੋਰਟ ਨੇ ਸਰਕਾਰ ਦੇ ਪੱਖ 'ਤੇ ਸਹਿਮਤੀ ਜਤਾਈ। ਦਰਅਸਲ ਈਰਾਨ ਦਾ ਕਯੋਮ ਸ਼ਹਿਰ ਦੁਨੀਆ ਭਰ ਦੇ ਸ਼ੀਆ ਮੁਸਲਮਾਨਾਂ ਦਾ ਪਵਿੱਤਰ ਸਥਾਨ ਹੈ। ਇਸ ਸ਼ਹਿਰ 'ਚ ਵੀ ਕੋਰੋਨਾ ਵਾਇਰਸ ਦਾ ਕੇਂਦਰ ਬਣਨ ਕਾਰਨ ਭਾਰਤ ਨੇ 27 ਫਰਵਰੀ ਨੂੰ ਈਰਾਨ ਤੋਂ ਸਿੱਧੇ ਆਉਣ ਵਾਲੀਆਂ ਉਡਾਣਾਂ 'ਤੇ ਰੋਕ ਲਾ ਦਿੱਤੀ ਸੀ।


Tanu

Content Editor

Related News