ਪਿਓ ਨੂੰ ਮੌਤ ਦੇ ਮੂੰਹ 'ਚੋਂ ਕੱਢ ਲਿਆਈ 17 ਸਾਲਾ ਧੀ, ਕਾਰਨਾਮਾ ਜਾਣ ਤੁਸੀਂ ਵੀ ਕਰੋਗੇ ਸਲਾਮ
Monday, Feb 20, 2023 - 03:52 PM (IST)
ਨੈਸ਼ਨਲ ਡੈਸਕ- ਕੇਰਲ 'ਚ ਇਕ 17 ਸਾਲਾ ਧੀ ਨੇ ਆਪਣੇ ਪਿਤਾ ਨੂੰ ਲਿਵਰ ਡੋਨੇਟ ਕਰ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਧੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਦੇਸ਼ ਦੇ ਆਰਗਨ ਡੋਨੇਸ਼ਨ ਨਿਯਮਾਂ ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਲੋਕ ਅੰਗਦਾਨ ਨਹੀਂ ਕਰ ਸਕਦੇ ਪਰ ਦੇਵਨੰਦਾ ਨੇ ਕੇਰਲ ਹਾਈ ਕੋਰਟ ਤੋਂ ਵਿਸ਼ੇਸ਼ ਮਨਜ਼ੂਰੀ ਲੈ ਕੇ 9 ਫਰਵਰੀ ਨੂੰ ਆਪਣੇ ਪਿਤਾ ਪ੍ਰਤੀਸ਼ ਨੂੰ ਲਿਵਰ ਦਾ ਇਕ ਟੁਕੜਾ ਦਾਨ ਕੀਤਾ। ਦੇਵਨੰਦਾ ਦੀ ਬਹਾਦਰੀ ਦੇਖ ਕੇ ਹਸਪਤਾਲ ਪ੍ਰਸ਼ਾਸਨ ਵੀ ਇੰਨਾ ਭਾਵੁਕ ਹੋਇਆ ਕਿ ਉਨ੍ਹਾਂ ਨੇ ਸਰਜਰੀ ਦਾ ਬਿੱਲ ਵੀ ਮੁਆਫ਼ ਕਰ ਦਿੱਤਾ। ਤ੍ਰਿਸ਼ੂਰ ਦੀ ਰਹਿਣ ਵਾਲੀ ਦੇਵਨੰਦਾ ਨੇ ਦੱਸਿਆ ਕਿ ਉਨਾਂ ਦੇ ਪਿਤਾ ਕੈਫੇ ਚਲਾਉਂਦੇ ਹਨ। ਪਿਛਲੇ ਸਾਲ ਸਤੰਬਰ 'ਚ ਪਿਤਾ ਜਦੋਂ ਕੰਮ ਤੋਂ ਘਰ ਆਏ ਸਨ ਤਾਂ ਉਨ੍ਹਾਂ ਦੇ ਪੈਰ ਸੁੱਜੇ ਹੋਏ ਸਨ ਅਤੇ ਉਸ ਸਮੇਂ ਪਿਤਾ ਦੀ ਭੈਣ ਦੀ ਬ੍ਰੈਸਟ ਕੈਂਸਰ ਨਾਲ ਮੌਤ ਹੋਈ ਸੀ ਅਤੇ ਸਾਰੇ ਇਸ ਤੋਂ ਪਹਿਲਾਂ ਹੀ ਦੁਖ਼ੀ ਸਨ ਅਤੇ ਅਜਿਹੇ 'ਚ ਕਿਸੇ ਨੇ ਪਿਤਾ ਦੀ ਹਾਲਤ 'ਤੇ ਧਿਆਨ ਨਹੀਂ ਦਿੱਤਾ। ਅਜਿਹੇ 'ਚ ਜਦੋਂ ਡਾਕਟਰ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਲਿਵਰ 'ਚ ਕੁਝ ਗੜਬੜ ਹੈ, ਜਿਸ ਲਈ ਲਿਵਰ ਟਰਾਂਸਪਲਾਂਟ ਜ਼ਰੂਰੀ ਹੈ।
ਦੇਵਨੰਦਾ ਦੇ ਪਿਤਾ ਦਾ ਬਲੱਡ ਗਰੁੱਪ ਬੀ ਪਾਜ਼ੇਟਿਵ ਹੈ, ਜੋ ਬਹੁਤ ਰੇਅਰ ਹੁੰਦਾ ਹੈ। ਪਰਿਵਾਰ 'ਚ ਕਿਸੇ ਦਾ ਬਲੱਡ ਗਰੁੱਪ ਮੈਚ ਨਹੀਂ ਹੋਇਆ, ਅਜਿਹੇ 'ਚ ਬਾਹਰੋਂ ਡੋਨਰ ਲੈਣ 'ਤੇ 30-40 ਲੱਕ ਰੁਪਏ ਦਾ ਖ਼ਰਚ ਸੀ। ਦੇਵਨੰਦਾ ਨੇ ਦੱਸਿਆ ਕਿ ਮੇਰਾ ਬਲੱਡ ਗਰੁੱਪ ਓ ਪਾਜ਼ੇਟਿਵ ਹੈ। ਡਾਕਟਰਾਂ ਨੇ ਦੱਸਿਆ ਕਿ ਓ ਪਾਜ਼ੇਟਿਵ ਯੂਨੀਵਰਸਲ ਡੋਨਰ ਹੁੰਦਾ ਹੈ, ਲਿਹਾਜਾ ਉਹ ਆਪਣੇ ਲਿਵਰ ਦਾ ਇਕ ਹਿੱਸਾ ਆਪਣੇ ਪਿਤਾ ਨੂੰ ਡੋਨੇਟ ਕਰ ਸਕਦੀ ਹੈ ਪਰ ਦੇਵਨੰਦਾ ਦਾ ਜਦੋਂ ਲਿਵਰ ਟੈਸਟ ਹੋਇਆ ਤਾਂ ਉਹ ਸਿਹਤਮੰਦ ਨਹੀਂ ਸੀ। ਆਪਣੇ ਪਿਤਾ ਨੂੰ ਬਚਾਉਣ ਲਈ ਦੇਵਨੰਦਾ ਨੇ ਹਾਰ ਨਹੀਂ ਮੰਨੀ ਅਤੇ ਡਾਕਟਰ ਦੀ ਮਦਦ ਲੈ ਕੇ ਆਪਣੇ ਲਿਵਰ ਨੂੰ ਸਿਹਤਮੰਦ ਰੱਖਣ ਲਈ ਹੈਲਦੀ ਡਾਈਟ ਫੋਲੋ ਕਰਨੀ ਸ਼ੁਰੂ ਕੀਤੀ ਅਤੇ ਕਸਰਤ ਕੀਤੀ, ਜਿਸ ਨਾਲ ਇਕ ਹੀ ਮਹੀਨੇ 'ਚ ਉਸ ਦਾ ਲਿਵਲ ਸਿਹਤਮੰਦ ਹੋ ਗਿਆ ਅਤੇ ਉਹ ਲਿਵਰ ਦਾ ਪਾਰਟ ਡੋਨੇਟ ਕਰਨ ਲਈ ਫਿਟ ਹੋ ਗਈ। ਦੇਸ਼ ਦੇ ਕਾਨੂੰਨ ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਲੋਕ ਅੰਗਦਾਨ ਨਹੀਂ ਕਰ ਸਕਦੇ, ਇਸ ਲਈ ਵੀ ਦੇਵਨੰਦਾ ਨੇ ਸਖ਼ਤ ਲੜਾਈ ਲੜੀ ਅਤੇ ਆਖ਼ਰਕਾਰ 9 ਫਰਵਰੀ ਨੂੰ ਦੇਵਨੰਦਾ ਨੇ ਆਪਣੇ ਲਿਵਰ ਦਾ ਇਕ ਹਿੱਸਾ ਆਪਣੇ ਪਿਤਾ ਨੂੰ ਡੋਨੇਟ ਕੀਤਾ। ਉੱਥੇ ਹੀ ਹੁਣ ਦੇਵਨੰਦਾ ਘਰ ਆ ਗਈ ਹੈ ਅਤੇ ਉਸ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੇ ਘਰ ਆਉਣ ਦਾ ਇੰਤਜ਼ਾਰ ਕਰ ਰਹੀ ਹੈ।