ਮੁੰਬਈ ''ਚ 16 ਸਾਲਾ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ, ਪੁਲਸ ਨੇ 6 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

Saturday, Dec 24, 2022 - 05:55 PM (IST)

ਮੁੰਬਈ ''ਚ 16 ਸਾਲਾ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ, ਪੁਲਸ ਨੇ 6 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

ਮੁੰਬਈ (ਭਾਸ਼ਾ)- ਮੱਧ ਮੁੰਬਈ ਦੇ ਪਰੇਲ ਇਲਾਕੇ 'ਚ ਇਕ 16 ਸਾਲਾ ਕੁੜੀ ਨਾਲ ਤਿੰਨ ਨਾਬਾਲਗਾਂ ਸਮੇਤ 6 ਲੋਕਾਂ ਨੇ ਕਥਿਤ ਤੌਰ ’ਤੇ ਸਮੂਹਿਕ ਜਬਰ ਜ਼ਿਨਾਹ ਕੀਤਾ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਸਬੰਧ ਵਿਚ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਤਿੰਨ ਬਾਲਗ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਤਿੰਨ ਹੋਰ ਦੋਸ਼ੀਆਂ ਨੂੰ, ਜੋ ਕਿ ਨਾਬਾਲਗ ਦੱਸੇ ਜਾਂਦੇ ਹਨ, ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਇਕ 'ਚਾਲ' 'ਚ ਵਾਪਰੀ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ 'ਚੋਂ ਇਕ ਪੀੜਤਾ ਦਾ ਦੋਸਤ ਹੈ ਅਤੇ ਦੋਵੇਂ ਇਕ ਦੂਜੇ ਦੋਸਤ ਦਾ ਜਨਮ ਦਿਨ ਮਨਾਉਣ ਲਈ 'ਚਾਲ' ਵਿਚ ਗਏ ਸਨ। 

ਉਨ੍ਹਾਂ ਦੱਸਿਆ ਕਿ ਹੋਰ 5 ਮੁਲਜ਼ਮ ਵੀ ਜਨਮ ਦਿਨ ਮਨਾਉਣ ਲਈ ਉਥੇ ਮੌਜੂਦ ਸਨ ਪਰ ਬਾਅਦ 'ਚ ਰਾਤ ਸਮੇਂ 'ਚਾਲ' ਵਾਸੀਆਂ ਨੇ ਕੁੜੀ ਦੇ ਚੀਕਣ ਦੀ ਆਵਾਜ਼ ਸੁਣੀ ਅਤੇ ਸਥਾਨਕ ਪੁਲਸ ਨੂੰ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਜਦੋਂ ਐੱਨ.ਐੱਮ. ਜੋਸ਼ੀ ਮਾਰਗ ਥਾਣੇ ਦੇ ਪੁਲਸ ਕਰਮੀ ਮੌਕੇ 'ਤੇ ਪਹੁੰਚੇ ਤਾਂ ਉੱਥੇ ਨਾਬਾਲਗ ਕੁੜੀ ਅਤੇ ਦੋਸ਼ੀ ਮਿਲੇ। ਪੁਲਸ ਨੇ ਕਿਹਾ ਕਿ ਕੁੜੀ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਭਾਰਤੀ ਦੰਡਾਵਲੀ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪਾਕਸੋ) ਕਾਨੂੰਨ ਦੇ ਅਧੀਨ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਿੰਨੋਂ ਨਾਬਾਲਗ ਦੋਸ਼ੀਆਂ ਨੂੰ ਡੋਂਗਰੀ ਸਥਿਤ ਬਾਲ ਗ੍ਰਹਿ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।


author

DIsha

Content Editor

Related News